ਸਰਬਜੀਤ ਸਿਘ ਭੰਗੂ
ਪਟਿਆਲਾ, 24 ਦਸੰਬਰ
ਜਲ ਸਰੋਤ ਵਿਭਾਗ ਦੇ ਲਹਿਲ ਮੰਡਲ ਅਧੀਨ ਨਹਿਰੀ ਨੈੱਟਵਰਕ ਵਿੱਚ ਕੰਮ ਕਰ ਰਹੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦਿਵਾਉਣ ਲਈ ਚੌਥਾ ਦਰਜਾ ਮੁਲਾਜ਼ਮਾਂ ਨੇ ਜਲ ਸਰੋਤ ਵਿਭਾਗ ਦੇ ਲਹਿਲ ਮੰਡਲ ਸਥਿਤ ਕਾਰਜਕਾਰੀ ਇੰਜਨੀਅਰ ਦੇ ਦਫਤਰ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਯੂਨੀਅਨ ਦੇ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਸੀ ਕਿ ਡੇਢ ਦਹਾਕੇ ਤੋਂ ਮੁਰੰਮਤ ਨਾ ਹੋਣ ਕਾਰਨ ਪਟਿਆਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਨਾਲ ਸਬੰਧਤ ਨਹਿਰੀ ਨੈੱਟਵਰਕ ਤੇ ਮੁਲਾਜ਼ਮ ਕਲੋਨੀਆਂ, ਨਹਿਰਾਂ ਅਤੇ ਡਿਊਟੀ ਰੂਮਾਂ, ਨਹਿਰੀ ਹੱਟਾਂ, ਗੇਜ ਪੁਆਇੰਟਾਂ ਆਦਿ ਸਿਸਟਮ ਢਹਿ-ਢੇਰੀ ਹੋ ਰਿਹਾ ਹੈ। ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਸੀ ਕਿ ਚੌਥਾ ਦਰਜਾ ਮੁਲਾਜ਼ਮਾਂ ਦੀ ਅਣਦੇਖੀ ਵਿਰੁੱਧ ਅਧਿਕਾਰੀਆਂ ਵਿਰੁੱਧ ਪੜਾਅਵਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਰੈਲੀ ਦੀ ਸਮਾਪਤੀ ਸਮੇਂ ਇਨ੍ਹਾਂ ਮੁਲਾਜ਼ਮਾਂ ਨੇ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਕਰੋਨਾ ਸਬੰਧੀ ਟੀਕਾਕਰਨ ਕਰਵਾਉਣ ਉਪਰੰਤ ਹੀ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕਰਨ ਦੇ ਆਦੇਸ਼ਾਂ ’ਤੇ ਆਧਾਰਤ ਪੱਤਰ ਦੀਆਂ ਕਾਪੀਆਂ ਵੀ ਫੂਕੀਆਂ ਗਈਆਂ। ਇਸ ਮੌਕੇ ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਪ੍ਰਵੀਨ ਕੁਮਾਰ, ਰਾਮ ਜੋਧਾ, ਹਰਨੇਕ ਸਿੰਘ, ਤੇ ਅਮਰੀਕ ਸਿੰਘ ਆਦਿ ਆਗੂ ਹਾਜ਼ਰ ਸਨ।