ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਸਤੰਬਰ
ਇਸ ਖੇਤਰ ’ਚ ਅੱੱਜ ਕਈ ਦਿਨਾ ਮਗਰੋਂ ਬਾਰਸ਼ ਪਈ ਹਲਕੀ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਕਿਉਂਕਿ ਕਈ ਦਿਨਾ ਤੋਂ ਲੋਕ ਹੁੰਮਸ ਭਰੀ ਗਰਮੀ ਤੋਂ ਬੇਹੱਦ ਪ੍ਰੇਸ਼ਾਨ ਸਨ। ਵੇਰਵਿਆਂ ਅਨੁਸਾਰ ਅੱਜ ਪਟਿਆਲਾ ਸ਼ਹਿਰ ਇਸ ਦੇ ਆਲੇ-ਦੁਆਲੇ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ। ਜਾਣਕਾਰੀ ਅਨੁਸਾਰ ਮੀਂਹ ਤੋਂ ਪਹਿਲਾਂ ਇਸ ਖੇਤਰ ’ਚ ਤਾਪਮਾਨ ਤਕਰੀਬਨ 35 ਡਿਗਰੀ ਸੈਲਸੀਅਸ ਦੇ ਨੇੜੇ ਸੀ। ਪਰ ਮੀਂਹ ਨਾਲ਼ ਤਾਪਮਾਨ ’ਚ ਤਕਰੀਬਨ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖੀ ਗਈ। ਦੇਰ ਸ਼ਾਮ ਦਾ ਤਾਪਮਾਨ 32.05 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੀਂਹ ਨੂੰ ਫਸਲਾਂ, ਖਾਸ ਕਰਕੇ ਝੋਨੇ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਅੱਜ ਪਏ ਮੀਂਹ ਕਾਰਨ ਸ਼ਾਹੀ ਸ਼ਹਿਰ ’ਚ ਹਰ ਵਾਰ ਦੀ ਤਰ੍ਹਾਂ ਨੀਵੇਂ ਖੇਤਰਾਂ ਵਿੱਚ ਪਾਣੀ ਖੜ੍ਹ ਗਿਆ। ਸੀ।ਇਹ ਵੱਖਰੀ ਗੱਲ ਹੈ ਮੀਂਹ ਜਿ਼ਆਦਾ ਨਾ ਪੈਣ ਕਾਰਨ ਇਹ ਪਾਣੀ ਜਲਦੀ ਹੀ ਉਤਰ ਵੀ ਗਿਆ ਸੀ। ਮੁਲਾਜ਼ਮ ਆਗੂ ਨਵਨੀਤ ਢਿੱਲੋਂ ਦਾ ਕਹਿਣਾ ਸੀ ਕਿ ਭਾਵੇਂ ਕਈ ਹੋਰ ਖੇਤਰ ਵੀ ਮੀਂਹ ਦੇ ਪਾਣੀ ਤੋਂ ਪ੍ਰਭਾਵਿਤ ਹੁੰਦੇ ਹਨ, ਪਰ ਖਾਸ ਕਰਕੇ ਤ੍ਰਿ੍ਪੜੀ ਖੇਤਰ ਵਿਚਲੇ ਮਨਜੀਤ ਨਗਰ ਦੀਆਂ ਸੜਕਾਂ ’ਤੇ ਤਾਂ ਪਾਣੀ ਭਰ ਹੀ ਜਾਂਦਾ ਹੈ। ਉਧਰ ਸ਼ਹਿਰ ਦੇ ਸਰਹਿੰਦ ਰੋਡ ਖੇਤਰ ’ਚ ਰਹਿੰਦੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਦੇਵ ਸਿੰਘ ਨੂਗੀ ਨੇ ਵੀ ਸ਼ਹਿਰ ’ਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੀ ਗੱਲ ਕੀਤੀ। ਇਸੇ ਦੌਰਾਨ ਸੰਪਰਕ ਕਰਨ ’ਤੇ ਜ਼ਿਲ੍ਹੇ ਦੇੇ ਖੇਤੀਬਾੜੀ ਅਫਸਰ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਕਿਉਂਕਿ ਕਈ ਦਿਨਾ ਤੋਂ ਤਾਪਮਾਨ ਜਿ਼ਆਦਾ ਵਧਿਆ ਹੋਇਆ ਸੀ, ਜੋ ਪੱਕਣ ’ਤੇ ਆਈ ਝੋਨੇ ਦੀ ਫਸਲ ਲਈ ਨੁਕਸਾਨਦਾਇਕ ਸੀ। ਪਰ ਅੱਜ ਦੇ ਮੀਂਹ ਨਾਲ ਤਾਪਮਾਨ ’ਚ ਆਈ ਗਿਰਾਵਟ ਝੋਨੇ ਦੀ ਫਸਲ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਬਾਰਸ਼ ਹਲਕੀ ਰਹਿਣ ਕਾਰਨ ਵੀ ਫਸਲ ਨੂੰ ਫਾਇਦਾ ਹੋਇਆ ਹੈ ਕਿਉਂਕਿ ਇਸ ਨੇ ਫਸਲਾਂ ਤੋਂ ਗਰਦ ਝਾੜਨ ਦਾ ਕੰਮ ਵੀ ਕੀਤਾ ਹੈ।
ਮੌਸਮ ਵਿਗਿਆਨੀਆਂ ਮੁਤਾਬਿਕ ਕੱਲ੍ਹ ਨੂੰ ਵੀ ਜਿਥੇ ਮੌਸਮ ’ਚ ਠੰਢਕ ਰਹੇਗੀ, ਉਥੇ ਹੀ ਕਿਤੇ ਕਿਤੇ ਹਲਕੀ ਬੂੰਦਾ ਬਾਂਦੀ ਵੀ ਹੋ ਸਕਦੀ ਹੈ। ਅੱਜ ਵੀ ਦਿਨ ’ਚ ਕਾਫੀ ਸਮਾਂ ਬੱਦਲ਼ਵਾਈ ਬਣੀ ਰਹੀ।