ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਮਈ
ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਹੋਮਗਾਰਡ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕਾਰਨ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਬਾਅਦ ਉਸ ਦਾ ਤਬਾਦਲਾ ਵੀ ਕਰ ਦਿੱਤਾ। ਹੁਣ ਮਨਜੀਤ ਸਿੰਘ ਟਿਵਾਣਾ ਕੇਂਦਰੀ ਜੇਲ੍ਹ ਪਟਿਆਲਾ ਦੇ ਨਵੇਂ ਸੁਪਰਡੈਂਟ ਹੋਣਗੇ। ਇਸ ਤੋਂ ਪਹਿਲਾਂ ਉਹ ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ਦੇ ਸੁਪਰਡੈਂਟ ਸਨ। ਡਿਊਟੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਪਿਛਲੇ ਸਾਲ ਹੀ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਪੁਲੀਸ ਮੈਡਲ ਲਈ ਵੀ ਚੁਣਿਆ ਗਿਆ ਹੈ। ਇਥੋਂ ਬਦਲੇ ਗਏ ਸੁੱਚਾ ਸਿੰਘ ਨੂੰ ਮੁੱਖ ਭਲਾਈ ਅਫ਼ਸਰ ਮੁੱਖ ਦਫਤਰ ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸੇ ਦੌਰਾਨ ਪਟਿਆਲਾ ਵਿਖੇ ਡਿਪਟੀ ਸੁਪਰਡੈਂਟ ਵਜੋਂ ਤਾਇਨਾਤ ਰਾਜਦੀਪ ਸਿੰਘ ਬਰਾੜ ਨੂੰ ਬਦਲ ਕੇ ਗੁਰਚਰਨ ਸਿੰਘ ਧਾਲੀਵਾਲ ਨੂੰ ਕੇਂਦਰੀ ਜੇਲ੍ਹ ਪਟਿਆਲਾ ਦਾ ਡਿਪਟੀ ਸੁਪਰਡੈਂਟ ਲਾਇਆ ਗਿਆ ਹੈ। ਉਹ ਜੇਲ੍ਹ ਵਿਭਾਗ ਦੇ ਪਟਿਆਲਾ ਵਿੱਚ ਸਥਿਤ ਸੂਬਾਈ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਸਨ। ਇਸੇ ਦੌਰਾਨ ਜੇਲ੍ਹ ਵਿਭਾਗ ਨੇ ਸ਼ਿਵਰਾਜ ਸਿੰਘ ਨੰਦਗੜ੍ਹ ਨੂੰ ਹੁਣ ਕੇਂਦਰੀ ਜੇਲ੍ਹ ਲੁਧਿਆਣਾ ਦਾ ਸੁਪਰਡੈਂਟ ਲਾਇਆ ਹੈ। ਪਟਿਆਲਾ ਤੋਂ ਬਦਲੇ ਡਿਪਟੀ ਸੁਪਰਡੈਂਟ ਰਾਜਦੀਪ ਸਿੰਘ ਬਰਾੜ ਨੂੰ ਹੁਣ ਡਿਪਟੀ ਸੁਪਰਡੈਂਟ (ਐਡਮਿਨਿਸਟ੍ਰੇਸ਼ਨ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ) ਲਾਇਆ ਗਿਆ ਹੈ।