ਪੱਤਰ ਪ੍ਰੇਰਕ/ਨਿਜੀ ਪੱਤਰ ਪ੍ਰੇਰਕ
ਰਾਜਪੁਰਾ, 24 ਨਵੰਬਰ
ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਤੋਂ ਬਾਅਦ ਪੰਜਾਬ ਖੇਤਰ ਵਿੱਚ ਮਾਲ ਤੇ ਮੁਸਾਫਿ਼ਰ ਗੱਡੀਆਂ ਲੰਘਾਉਣ ਦੀ ਸਹਿਮਤੀ ਦੇਣ ਉਪਰੰਤ ਇਸ ਖੇਤਰ ਵਿੱਚੋਂ ਗੁਜਰਦੇ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਦੇਰ ਰਾਤ ਨੂੰ ਕਰੀਬ ਤਿੰਨ ਦਰਜਨ ਮਾਲ ਰੇਲ ਗੱਡੀਆਂ ਅੱਪ ਅਤੇ ਡਾਊਨ ਦੋਵੇਂ ਪਾਸਿਆਂ ਤੋਂ ਚੱਲੀਆ। ਜਦੋਂਕਿ ਮੁਸਾਫਿ਼ਰ ਗੱਡੀਆਂ ਵਿੱਚ ਜੰਮੂ ਤਵੀ, ਗੋਲਡਨ ਟੈਂਪਲ ਐਕਸਪ੍ਰੈਸ, ਧੰਨਵਾਦ ਐਕਸਪ੍ਰੈਸ, ਫਿਰੋਜਪੁਰ ਐਕਸਪ੍ਰੈਸ ਮੁਸਾਫਿ਼ਰ ਗੱਡੀਆਂ ਹੀ ਅੰਬਾਲਾ ਵੱਲੋਂ ਰਾਜਪੁਰਾ ਜੰਕਸ਼ਨ ਤੋਂ ਹੋ ਕੇ ਲੰਘੀਆਆਂ। ਭਾਵੇਂ ਕਿ ਇਨ੍ਹਾਂ ਮੁਸਾਫਿ਼ਰ ਗੱਡੀਆਂ ਵਿੱਚ ਮੁਸਾਫਿ਼ਰਾਂ ਦੀ ਗਿਣਤੀ ਆਮ ਨਾਲੋਂ ਕਾਫੀ ਘੱਟ ਸੀ। ਇਸ ਸਬੰਧੀ ਸੰਪਰਕ ਕਰਨ ’ਤੇ ਰਾਜਪੁਰਾ ਦੇ ਸਟੇਸ਼ਨ ਸੁਪਰਡੰਟ ਭਾਰਤ ਲਾਲ ਮੀਨਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਇਸ ਰੇਲ ਮਾਰਗ ਤੋਂ ਤਿੰਨ ਦਰਜਨ ਤੋਂ ਵੱਧ ਦੋਵੇਂ ਪਾਸੇ ਤੋਂ ਮਾਲ ਗੱਡੀਆਂ ਚੱੱਲੀਆਂ। ਜਦੋਂਕਿ ਮੁਸਾਫਿ਼ਰ ਗੱਡੀਆਂ ਜੋ ਵੀ ਆਈਆ ਹਨ, ਉਹ ਅਜੇ ਕੇਵਲ ਅੱਪ ਸਾਈਡ ਅੰਬਾਲਾ ਵੱਲੋਂ ਹੀ ਪੰਜਾਬ ਵਿੱਚ ਦਾਖਲ ਹੋਈਆ ਹਨ। ਅੱਜ ਦੇਰ ਰਾਤ ਤੱਕ ਡਾਊਨ ਸਾਈਡ ਅੰਬਾਲਾ ਵੱਲ ਨੂੰ ਮੁਸਾਫਿਰ ਗੱਡੀਆਂ ਦੀ ਆਵਾਜਾਈ ਬਹਾਲ ਹੋਣ ਦੀ ਸੰਭਾਵਨਾ।
ਇਸੇ ਦੌਰਾਨ ਨਾਭਾ ਪਾਵਰ ਥਰਮਲ ਪਲਾਂਟ ਰਾਜਪੁਰਾ ਦੇ ਬਾਹਰ ਕਿਸਾਨ ਆਗੂ ਮਨਜੀਤ ਸਿੰਘ ਨਿਆਲ ਤੇ ਹੋਰ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਧਰਨਾ ਅੱਜ ਵੀ ਜਾਰੀ ਰਿਹਾ। ਇਸ ਧਰਨੇ ਦੌਰਾਨ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ 26 ਨਵੰਬਰ ਨੂੰ ਦਿੱਲੀ ਘੇਰਨ ਵਾਸਤੇ ਜਾਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ, ਤਾਂ ਜੋ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ।