ਖੇਤਰੀ ਪ੍ਰਤੀਨਿਧ
ਪਟਿਆਲਾ, 17 ਮਈ
ਕਿਸਾਨਾਂ ਨੂੰ ਜਾਗਰੂਕ ਕਰਨ ਅਤੇੇੇੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕ ਤੋਂ ਜਾਣੂ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਾਕਾਇਦਾ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਵੱਖ-ਵੱਖ ਥਾਵਾਂ ’ਤੇ ਜਾ ਕੇ ਇਨ੍ਹਾਂ ਅਫਸਰਾਂ ਨੂੰ ਸਿੱਧੀ ਬਿਜਾਈ ਸਬੰਧੀ ਸਿਖਲਾਈ ਦਿੱਤੀ। ਇਸ ਵਿਧੀ ਅਨੁਸਾਰ ਪ੍ਰਤੀ ਏਕੜ ਅੱਠ ਕਿਲੋ ਝੋਨੇ ਦਾ ਬੀਜ ਲੱਕੀ ਡਰਿੱਲ ਰਾਹੀਂ ਬੀਜਿਆ ਜਾਂਦਾ ਹੈ। ਸਿਖਲਾਈ ਏਡੀਓ ਨਾਭਾ ਰਸ਼ਪਿੰਦਰ ਸਿੰਘ ਅਤੇ ਏਡੀਓ ਪਟਿਆਲਾ ਗੁਰਵੀਨ ਗਰਚਾ ਵੱਲੋਂ ਦਿੱਤੀ ਗਈ। ਇਸ ਸਿਖਲਾਈ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫ਼ਸਰ ਜਸਵੰਤ ਰਾਏ ਨੇ ਕੀਤੀ।
ਧੂਰੀ (ਖੇਤਰੀ ਪ੍ਰਤੀਨਿਧ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਨਾਲ ਸਬੰਧਤ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਕਿਸਾਨ ਗੋਸ਼ਟੀਆਂ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਡਾ. ਬੂਟਾ ਸਿੰਘ ਰੋਮਾਣਾ ਅਤੇ ਇੰਟਰਨੈਸ਼ਨਲ ਟਰੱਸਟ ਦੇ ਅਧਿਕਾਰੀ ਰਣਜੋਧ ਸਿੰਘ ਨੇ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੱਤੀ। ਇੰਜ. ਸੁਨੀਲ ਕੁਮਾਰ, ਡਾ. ਗਮਦੂਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਸਰਬਜੀਤ ਸਿੰਘ ਨੇ ਵਿਭਾਗ ਦੀਆਂ ਸਕੀਮਾਂ ਅਤੇ ਸਰਕਾਰ ਵਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ।