ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਮਈ
ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਤ ਸਾਬਕਾ ਸੈਨਿਕਾਂ ਲਈ ਭਾਰਤੀ ਫੌਜ ਦੇ ਪਟਿਆਲਾ ਸਥਿਤ ਮਿਲਟਰੀ ਹਸਪਤਾਲ ’ਚ ਕੋਵਿਡ-19 ਰਿਸੈਪਸ਼ਨ ਸੈੱਲ ਅਤੇ ਕੇਅਰ ਸੈਂਟਰ ਖੋਲ੍ਹਿਆ ਗਿਆ ਹੈ। ਫ਼ੌਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦੀ ਉਮਰ ਅਤੇ ਉਨ੍ਹਾਂ ਨੂੰ ਕੋਵਿਡ ਲਾਗ ਤੋਂ ਪੀੜਤਾਂ ਦੇ ਸੰਪਰਕ ’ਚ ਆਉਣ ਦੀਆਂ ਸੰਭਾਵਨਾਵਾਂ ਨੇ ਉਨ੍ਹਾਂ ਨੂੰ ਕੋਵਿਡ ਲਾਗ ਪ੍ਰਤੀ ਸੰਵੇਦਨਸ਼ੀਲ ਬਣਾ ਦਿੱਤਾ ਹੈ। ਇਸ ਲਈ ਅਰਾਵਤ ਡਿਵੀਜ਼ਨ ਤੇ ਮਿਲਟਰੀ ਹਸਪਤਾਲ ਪਟਿਆਲਾ ਨੇ ਈ.ਸੀ.ਐੱਚ.ਐੱਸ. ਸਹੂਲਤ ਨਾਲ ਮਿਲ ਕੇ ਪਟਿਆਲਾ ਜ਼ਿਲ੍ਹੇ ਦੇ 13000 ਸਾਬਕਾ ਫ਼ੌਜੀਆਂ ਨੂੰ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਸਹਾਇਤਾ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ। ਮਿਲਟਰੀ ਹਸਪਤਾਲ ਵਿਖੇ ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ, ਟੈਸਟਿੰਗ, ਇਲਾਜ ਤੇ ਗੰਭੀਰ ਰੋਗੀਆਂ ਦੇ ਇਲਾਜ ਦਾ ਪ੍ਰਬੰਧ ਹੈ, ਪਰੰਤੂ ਫਿਰ ਵੀ ਸਾਬਕਾ ਸੈਨਿਕਾਂ ਲਈ ਮਿਲਟਰੀ ਹਸਪਤਾਲ ਦੇ ਦਰਵਾਜ਼ੇ ’ਤੇ ਹੀ ਕੋਵਿਡ ਰਿਸ਼ੈਪਸ਼ਨ ਅਤੇ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਹੈ।
ਬੁਲਾਰੇ ਅਨੁਸਾਰ ਵਾਈ.ਫਾਈ ਯੁਕਤ ਸੈਂਟਰ ਵਿਖੇ 24 ਘੰਟੇ 7 ਦਿਨ ਹੈਲਪਲਾਈਨ ਨੰਬਰ 76961-93368 ਵੀ ਸਾਬਕਾ ਸੈਨਿਕਾਂ ਦੀ ਮਦਦ ਲਈ ਸਥਾਪਤ ਕੀਤਾ ਗਿਆ ਹੈ।ਪਟਿਆਲਾ ਅਤੇ ਰਾਜਪੁਰਾ ’ਚ ਸਾਬਕਾ ਸੈਨਿਕਾਂ ਦੀ ਸਹਾਇਤਾ ਲਈ ਸੱਤ ਹਸਪਤਾਲ ਈ.ਸੀ.ਐਚ.ਐਸ. ਪਟਿਆਲਾ ਨਾਲ ਸੂਚੀਬੱਧ ਹਨ। ਜਿਨ੍ਹਾਂ ’ਚ 39 ਜੀਵਨਰੱਖਿਅਕ ਵੈਂਟੀਲੇਟਰਾਂ ਸਮੇਤ 204 ਬੈਡ ਉਪਲਬਧ ਹਨ। ਇਨ੍ਹਾਂ ’ਚ ਕੋਲੰਬੀਆ ਏਸ਼ੀਆ, ਅਮਰ ਹਸਪਤਾਲ, ਪ੍ਰਾਈਮ ਹਸਪਤਾਲ ਤੇ ਰਾਜਪੁਰਾ ਦਾ ਨੀਲਮ ਹਸਪਤਾਲ ਵੀ ਸ਼ਾਮਲ ਹਨ।