ਨਾਭਾ (ਜੈਸਮੀਨ ਭਾਰਦਵਾਜ) ਨਾਭਾ ਦਾਣਾ ਮੰਡੀ ਦੇ ਅਧੀਨ ਪੈਂਦੇ ਮਡੌਰ ਕੇਂਦਰ ਦੇ ਆੜ੍ਹਤੀ ਵੀ ਹੁਣ ਕਿਸਾਨਾਂ ਨਾਲ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਨਗੇ, ਜਿਸਦੇ ਚਲਦੇ ਇਸ ਕੇਂਦਰ ਦੇ ਆੜ੍ਹਤੀਆਂ ਵੱਲੋ ਇਹ ਫੈਸਲਾ ਲਿਆ ਗਿਆ ਕਿ 5 ਨਵੰਬਰ ਨੂੰ ਰਿਲਾਇੰਸ ਪੈਟਰੋਲ ਪੰਪ ’ਤੇ ਚੱਲ ਰਹੇ ਕਿਸਾਨੀ ਧਰਨਿਆਂ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਕੇਂਦਰ ਦੀ ਐਸੋਸੀਏਸ਼ਨ ਦੇ ਪ੍ਰਧਾਨ ਤਲਵਿੰਦਰ ਬੋਗੀ ਤੇ ਆੜ੍ਹਤੀਏ ਨੀਤੀਸ਼ ਗੋਇਲ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ 5 ਨਵੰਬਰ ਨੂੰ ਮੰਡੀ ਦਾ ਕੰਮ ਬੰਦ ਕਰਕੇ ਰਿਲਾਇੰਸ ਪੰਪ ਦੇ ਅੱਗੇ ਧਰਨਾ ਦਿੱਤਾ ਜਾਵੇਗਾ। ਧਰਨੇ ਵਿਚ ਉਹ ਆਪਣੇ ਮੁਨੀਮਾਂ ਅਤੇ ਢੋਹਾ ਢੁਹਾਈ ਵਾਲੇ ਮਜ਼ਦੂਰਾਂ ਸਮੇਤ ਸ਼ਾਮਲ ਹੋਣਗੇ। ਮੰਡੀ ’ਚ ਆੜ੍ਹਤੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਨੀਤੀਆਂ ਤੋਂ ਸਾਫ ਹੋ ਰਿਹਾ ਹੈ ਕਿ ਇਨ੍ਹਾਂ ਪਿੱਛੇ ਡੋਰ ਕੌਣ ਖਿੱਚ ਰਿਹਾ ਹੈ ਤੇ ਕਿਸ ਤਰ੍ਹਾਂ ਸਾਰੇ ਬਾਜ਼ਾਰ ’ਤੇ ਕਬਜ਼ਾ ਕਰਨ ਦੀ ਸੋਚ ਨਾਲ ਕੁਝ ਘਰਾਣੇ ਦੇਸ਼ ਦੇ ਕੁੱਲ ਪੈਸੇ ਦਾ ਵੱਡਾ ਹਿੱਸਾ ਆਪਣੀਆਂ ਜੇਬ੍ਹਾਂ ਵਿਚ ਪਾ ਰਹੇ ਹਨ। ਆੜ੍ਹਤੀਆਂ ਵੱਲੋ ਇਹ ਵੀ ਰੋਸ਼ ਜਤਾਇਆ ਗਿਆ ਕਿ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਲਈ ਸਰਕਾਰ ਨੇ ਆੜ੍ਹਤੀਆਂ ਦੀ ਛਵੀ ਵੀ ਖਰਾਬ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਮਜੂਦਾ ਇੰਤਜ਼ਾਮ ’ਚ ਆੜ੍ਹਤੀ ਵਿਚੋਲੀਆ ਨਹੀਂ ਹੈ ਤੇ ਨਾ ਹੀ ਕਿਸਾਨ ਉਨ੍ਹਾਂ ਨੂੰ ਫਸਲ ਵੇਚਣ ਲਈ ਮਜ਼ਬੂਰ ਹੈ। ਬਲਕਿ ਵਿਚੋਲੀਏ ਤਾਂ ਇਨ੍ਹਾਂ ਕਾਨੂੰਨਾਂ ਰਾਹੀਂ ਦਾਖਲ ਹੋਣਗੇ ਤੇ ਉਹ ਕਿਸਾਨ ਤੋਂ ਘਟੋ ਘਟ ਮੁੱਲ ’ਤੇ ਫਸਲ ਖਰੀਦ ਕੇ ਜਖ਼ੀਰੇਬਾਜ਼ੀ ਰਾਹੀਂ ਇਸਨੂੰ ਵੱਧ ਮੁੱਲ ’ਤੇ ਵੇਚਣਗੇ।