ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 4 ਅਗਸਤ
ਨਿਊ ਬੇਰੁਜ਼ਗਾਰ ਪੀਟੀਆਈ ਤੇ ਨਿਊ ਬੇਰੁਜ਼ਗਾਰ ਡੀਪੀਆਈ ਯੂਨੀਅਨ ਵੱਲੋਂ ਅੱਜ ਰੁਜ਼ਗਾਰ ਪ੍ਰਾਪਤੀ ਨੂੰ ਲੈ ਕੇ ਫੁਹਾਰਾ ਚੌਕ ’ਚ ਕਰੀਬ ਪੰਜ ਘੰਟੇ ਆਵਾਜਾਈ ਜਾਮ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇੱਕ ਬੇਰੁਜ਼ਗਾਰ ਕਾਰਕੁਨ ਡੀਸੀ ਸਿੰਘ ਵੱਲੋਂ ਰੋਸ ਵਜੋਂ ਆਪਣੇ ਆਪ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਚੌਕਸ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 14 ਅਗਸਤ ਨੂੰ ਚੰਡੀਗੜ੍ਹ ਵਿਚ ਦੋਵੇਂ ਬੇਰੁਜ਼ਗਾਰ ਜਥੇਬੰਦੀਆਂ ਦੀਆਂ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਐਮ.ਪੀ. ਸਿੰਘ ਨਾਲ ਪੈਨਲ ਬੈਠਕ ਰਖਵਾਉਣ ਦੇ ਭਰੋਸੇ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ। ਇਸ ਸਮੁੱਚੇ ਰੋਸ ਪ੍ਰੋਗਰਾਮ ਦੀ ਅਗਵਾਈ ਦੋਵਾਂ ਜਥੇਬੰਦੀਆਂ ਦੇ ਪ੍ਰਧਾਨਾਂ ਜਸਵੀਰ ਸਿੰਘ ਤੇ ਹਰਜੀਤ ਸਿੰਘ ਨੇ ਕੀਤੀ। ਦੁਪਹਿਰ ਬਾਅਦ ਦੋ ਵਜੇ ਤੋਂ ਲੈ ਕੇ ਦੇਰ ਸ਼ਾਮੀ ਸਾਢੇ ਸੱਤ ਵਜੇ ਤੱਕ ਫੁਹਾਰਾ ਚੌਕ ਜਾਮ ’ਚ ਘਿਰਿਆ ਰਿਹਾ। ਘੰਟਿਆਂਬੱਧੀ ਚੌਕ ਜਾਮ ਰਹਿਣ ਨਾਲ ਲੋਕਾਂ ਨੂੰ ਖੱਜਲ ਹੋਣਾ ਪਿਆ।
ਜਨਰਲ ਕੈਟੇਗਰੀਜ਼ ਵੈੱਲਫੇਅਰ ਫੈੱਡਰੇਸ਼ਨ ਵੱਲੋਂ ਪ੍ਰਦਰਸ਼ਨ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰਵਾਰ ਅੱਜ ਜਨਰਲ ਕੈਟੇਗਰੀਜ਼ ਵੈੱਲਫੇਅਰ ਫੈੱਡਰੇਸ਼ਨ ਦੇ ਪੀਐਸਈਬੀ ਯੂਨਿਟ ਵੱਲੋਂ ਯੂਨਿਟ ਪ੍ਰਧਾਨ ਕੁਲਜੀਤ ਸਿੰਘ ਰਟੋਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਫੈਡਰੇਸ਼ਨ ਨੂੰ ਸ਼ਿਕਵਾ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਰਿਜ਼ਰਵ ਕੈਟੇਗਿਰੀ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਕਈ ਦਿਨਾਂ ਤੋਂ ਬੈਠਕਾਂ ਕਰ ਰਹੇ ਹਨ, ਉਹ ਪੰਜਾਬ ਸਰਕਾਰ ’ਤੇ 85ਵੀਂ ਸੋਧ ਲਾਗੂ ਕਰਨ ਦਾ ਸਿਆਸੀ ਦਬਾਅ ਬਣਾ ਸਕਦੇ ਹਨ। 85ਵੀਂ ਸੰਵਿਧਾਨਿਕ ਸੋਧ ਜਨਰਲ ਵਰਗ ਦੇ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲਦੀ ਹੈ। ਪ੍ਰਦਰਸ਼ਨਕਾਰੀਆਂ ਨੇ ਸੋਧ ਲਾਗੂ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਸ੍ਰੀ ਸਿੱਧੂ ਤੇ ਕੈਪਟਨ ਸਰਕਾਰ ਨੂੰ ਖ਼ਬਰਦਾਰ ਕੀਤਾ ਕਿ ਜੇ ਇਸ ਪਾਸੇ ਕਦਮ ਵਧਾਏ ਤਾਂ ਜਨਰਲ ਵਰਗ ਵੱਲੋਂ ਸਰਕਾਰ ਖ਼ਿਲਾਫ਼ ਵੱਡਾ ਅੰਦੋਲਨ ਵਿੱਢਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਫੈਡਰੇਸ਼ਨ ਦੇ ਆਗੂਆਂ ਨੇ ਆਖਿਆ ਕਿ ਰਾਖਵਾਂਕਰਨ ਦਾ ਲਾਭ ਹਰ ਵਰਗ ਦੇ ਅਸਲ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਦਿੱਤਾ ਜਾਵੇ ਅਤੇ ਰਾਖਵਾਂਕਰਨ ਆਰਥਿਕ ਆਧਾਰ ’ਤੇ ਲਾਗੂ ਕੀਤਾ ਜਾਵੇ।