ਰਵੇਲ ਸਿਘ ਭਿੰਡਰ
ਪਟਿਆਲਾ, 18 ਫਰਵਰੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਵੱਲੋਂ ਆਨਲਾਈਨ ਵਿਧੀ ਰਾਹੀਂ ਕਰਵਾਈ ਜਾ ਰਹੀ 56ਵੀਂ ਰਾਸ਼ਟਰੀ ਅਤੇ 25ਵੀਂ ਅੰਤਰਰਾਸ਼ਟਰੀ ਕਾਨਫਰੰਸ ਅੱਜ ਸ਼ੁਰੂ ਹੋ ਗਈ ਹੈ। ਇੰਡੀਅਨ ਅਕੈਡਮੀ ਆਫ ਅਪਲਾਈਡ ਸਾਇਕਾਲੋਜੀ ਦੀ ਇਹ ਕਾਨਫਰੰਸ 20 ਫਰਵਰੀ ਤੱਕ ਚੱਲੇਗੀ। ਅੰਤਰਰਾਸਟਰੀ ਕਾਨਫਰੰਸ ‘ਮਾਨਵੀ ਸਮਰੱਥਾ ਦਾ ਵਿਕਾਸ” ਵਿਸ਼ੇ ’ਤੇ ਕਰਵਾਈ ਜਾ ਰਹੀ ਇਸ ਤਿੰਨ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਨੀਤ ਕੌਰ ਨੇ ਸੰਬੋਧਨ ਦੌਰਾਨ ਵਿਭਾਗ ਨੂੰ ਕੋਵਿਡ-19 ਦੇ ਮੁਸ਼ਕਲ ਸਮੇਂ ਦੌਰਾਨ ਇਸ ਮਨੋਵਿਗਿਆਨਕ ਕਾਨਫਰੰਸ ਕਰਨ ਲਈ ਵਧਾਈ ਦਿੰਦਿਆਂ ਆਖਿਆ ਕਿ ਇਸ ਸਮੇਂ ਮਨੋਵਿਗਿਆਨਕ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਸਮਾਰੋਹ ਵਿੱਚ ਡਾ. ਵੀਰੇਂਦਰ ਮਿਸ਼ਰਾ (ਡਾਇਰੈਕਟਰ, ਨੈਸ਼ਨਲ ਇੰਸਟੀਚਿਊਟ ਸੋਸ਼ਲ ਡਿਫੈਂਸ) ਨੇ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕੀਤਾ। ਉਨ੍ਹਾਂ ਨੇ ਮਨੁੱਖੀ ਸੰਭਾਵਨਾਵਾਂ ਨੂੰ ਦਰਸਾਉਣ ਦੀ ਮਹੱਤਤਾ ਅਤੇ ਹੁਨਰ ਵਿਕਾਸ ਦੀ ਜਰੂਰਤ ਬਾਰੇ ਚਾਨਣਾ ਪਾਇਆ।ਇਸ ਸਮਾਗਮ ਵਿਚ ਪ੍ਰੋ. ਜਨਕ ਪਾਂਡੇ ਵਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਜਦੋਂ ਕਿ ਡੀਨ ਸੋਸ਼ਲ ਸਾਇੰਸਜ ਡਾ. ਕੇਸਰ ਸਿੰਘ ਭੰਗੂ ਨੇ ਵੀ ਵਿਚਾਰ ਪ੍ਰਗਟਾਏ। ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਮਮਤਾ ਸ਼ਰਮਾ ਨੇ ਵਿਭਾਗ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ ਡਾ: ਹਰਪ੍ਰੀਤ ਕੌਰ ਦੁਆਰਾ ਕਾਨਫਰੰਸ ਦੇ ਥੀਮ ਬਾਰੇ ਚਾਨਣਾ ਪਾਇਆ।