ਪੱਤਰ ਪ੍ਰੇਰਕ
ਰਾਜਪੁਰਾ, 2 ਅਗਸਤ
ਪਿੰਡ ਨਲਾਸ ਖੁਰਦ ਵਿੱਚ ਪਿੰਡ ਵਾਸੀਆਂ ਵੱਲੋਂ ਗ੍ਰਾਮ ਸਭਾ ਦੀ ਬੈਠਕ ਬੁਲਾਈ ਗਈ ਜਿਸ ਵਿੱਚ ਰਣਜੀਤ ਸਿੰਘ ਸੈਣੀ, ਸਰਬਜੀਤ ਸਿੰਘ, ਅਵਤਾਰ ਸਿੰਘ, ਮੰਗਲ ਸਿੰਘ, ਵਿਕਰਮਜੀਤ ਸਿੰਘ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਅਮਨਦੀਪ ਕੌਰ, ਕਮਲਜੀਤ ਕੌਰ ਸਮੇਤ ਹੋਰਨਾਂ ਨੇ ਭਾਗ ਲਿਆ। ਇਸ ਮੌਕੇ ਰਣਜੀਤ ਸਿੰਘ ਸੈਣੀ ਸਮੇਤ ਹੋਰਨਾਂ ਨੇ ਦੱਸਿਆ ਕਿ ਸਭਾ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਚਾਇਤ ’ਤੇ ਪਿੰਡ ਵਾਸੀਆਂ ਵੱਲੋਂ ਫੰਡਾਂ ਵਿੱਚ ਕਰੋੜਾਂ ਰੁਪਏ ਦਾ ਕਥਿਤ ਤੌਰ ’ਤੇ ਘਪਲਾ ਕਰਨ ਦਾ ਦੋਸ਼ ਲਗਾਉਂਦਿਆਂ ਸਰਕਾਰ ਤੋਂ ਪੜਤਾਲ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਚਾਇਤ ਵਿਰੁੱਧ ਇਨਸਾਫ਼ ਪ੍ਰਾਪਤੀ ਲਈ ਜੋ ਵਿਅਕਤੀ ਸ਼ਿਕਾਇਤਕਰਤਾ ਤੇ ਉਸ ਦੇ ਸਹਿਯੋਗੀ ਹਨ, ਪਿੰਡ ਦੀ ਸਭਾ ਉਨ੍ਹਾਂ ਦੀ ਪ੍ਰੋੜਤਾ ਕਰਦੀ ਹੈ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਪੰਚਾਇਤ ਵੱਲੋਂ ਜੋ ਕਰਮਚਾਰੀ ਜੰਝ ਘਰ, ਸਕੂਲ, ਪਾਣੀ ਦੀ ਟੈਂਕੀ ਆਦਿ ’ਤੇ ਸੇਵਾ ਲਈ ਰੱਖੇ ਗਏ ਹਨ, ਉਨ੍ਹਾਂ ਦੀ ਸੇਵਾ ਜਾਰੀ ਰੱਖੀ ਜਾਵੇ ਅਤੇ ਉਨ੍ਹਾਂ ਨੂੰ ਪੰਚਾਇਤੀ ਫੰਡ ਵਿੱਚੋਂ ਤਨਖਾਹ ਦਿੱਤੀ ਜਾਵੇ। ਫੰਡਾਂ ਦੀ ਜਾਂਚ ਹੋਣ ਤੱਕ ਉਸਾਰੀ ਅਧੀਨ ਸਾਰੇ ਕਾਰਜ ਰੋਕੇ ਜਾਣ।