ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੁਲਾਈ
ਮੱਛੀ ਪਾਲਣ ਵਿਭਾਗ ਦੇ ਕੰਮ ਦੀ ਸਮੀਖਿਆ ਕਰਦਿਆਂ ਏਡੀਸੀ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਨੇ ਅੱਜ ਪ੍ਰਧਾਨ ਮੰਤਰੀ ‘ਮਤਸਿਆ ਸੰਪਦਾ ਯੋਜਨਾ’ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨ, ਕਿਸਾਨਾਂ ਤੇ ਔਰਤਾਂ ਨੂੰ ਸਕੀਮ ਰਾਹੀਂ ਆਪਣਾ ਜੀਵਨ ਪੱਧਰ ਉਚਾ ਚੁੱਕਣਾ ਚਾਹੀਦਾ ਹੈ। ਇਸ ਸਕੀਮ ਅਧੀਨ, ਕੋਈ ਵੀ ਲਾਭਪਾਤਰੀ ਆਪਣੀ ਜ਼ਮੀਨ ਵਿੱਚ ਮੱਛੀ ਤਲਾਅ ਬਣਾ ਸਕਦਾ ਹੈ ਜਿਸ ਉਪਰ 11 ਲੱਖ ਰੁਪਏ ਪ੍ਰਤੀ ਹੈਕਟੇਅਰ ਦੀ ਲਾਗਤ ਆਉਂਦੀ ਹੈ ਅਤੇ ਔਸਤਨ 6.5 ਟਨ ਮੱਛੀ ਸਾਲਾਨਾ ਦੀ ਉਪਜ ਨਾਲ, ਖ਼ਰਚ ਕੱਢ ਕੇ ਪ੍ਰਤੀ ਏਕੜ ਇਕ ਤੋਂ ਡੇਢ ਲੱਖ ਰੁਪਏ ਲਾਭ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਕੀਮ ਦੇ ਵੱਖ-ਵੱਖ ਕੰਪੋਨੈਟਾਂ ਰਾਹੀਂ ਜਿਵੇਂ ਕਿ ਰੀ-ਸਰਕੁਲੇਟਰੀ ਐਕੂਆਕਲਚਰ ਸਿਸਟਮ, ਬਾਇਓਫਲਾਕ ਕਲਚਰ, ਮੋਟਰ ਸਾਈਕਲ ਵਿਦ ਆਈਸ ਬਾਕਸ, ਫਿਸ਼ ਫੀਡ ਮਿੱਲ, ਕੋਲਡ ਸਟੋਰੇਜ ਅਤੇ ਵੈਲਿਯੂ ਐਡਿਡ ਯੂਨਿਟਾਂ ਦੀ ਸਥਾਪਨਾ ਲਈ ਵੀ ਤਕਨੀਕੀ ਅਤੇ ਵਿੱਤੀ ਸਹੂਲਤਾਂ ਉਪਲਬਧ ਹਨ। ਇਨ੍ਹਾਂ ਸਾਰੇ ਕੰਪੋਨੈਟਾਂ ਉਪਰ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਦੇ ਲਾਭਪਾਤਰੀਆਂ ਨੂੰ 40 ਫ਼ੀਸਦੀ, ਅਨੁਸੂਚਿਤ ਜਾਤੀਆਂ ਅਤੇ ਔਰਤਾਂ ਨੂੰ 60 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।