ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਜਨਵਰੀ
ਪਟਿਆਲਾ ਵਿੱਚ ਅੱਜ ਦੋ ਰੋਜ਼ਾ ਪਹਿਲਾ ਮਿਲਟਰੀ ਲਿਟਰੇਚਰ ਫੈਸਟੀਵਲ ਸ਼ੁਰੂ ਹੋ ਗਿਆ। ਫੈਸਟੀਵਲ ਦੇ ਪਹਿਲੇ ਦਿਨ ਟੈਂਕਾਂ ਅਤੇ ਫ਼ੌਜੀ ਸਾਜ਼ੋ-ਸਾਮਾਨ ਦੀਆਂ ਪ੍ਰਦਰਸ਼ਨੀਆਂ ਨੇ ਦਰਸ਼ਕਾਂ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਖਾਲਸਾ ਕਾਲਜ ਦੇ ਮੈਦਾਨ ‘ਚ ਪ੍ਰਦਸ਼ਨੀ ਦਾ ਸ਼ਿੰਗਾਰ ਟੈਂਕਾਂ ਨੇ ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ। ਫ਼ੌਜ ਦੇ ਅਧਿਕਾਰੀਆਂ ਵੱਲੋਂ ਦਰਸ਼ਕਾਂ ਨੂੰ ਟੈਂਕਾਂ ਤੇ ਫ਼ੌਜੀ ਸਾਜ਼ੋ-ਸਾਮਾਨ ਜਾਣਕਾਰੀ ਦਿੱਤੀ ਗਈ। ਅਧਿਕਾਰੀ ਨੇ ਦਰਸ਼ਕਾਂ ਨੂੰ ਦੱਸਿਆ ਕਿ ਐਫਡਬਲਿਊ ਮਾਈਨ ਪਲੱਗ ਆਧੁਨਿਕ ਟੈਂਕ, ਜੋ ਧਰਤੀ ਥੱਲੇ ਦੱਬੀਆਂ ਮਾਈਨਜ਼ ਨੂੰ ਕੱਢਦਾ ਹੈ ਅਤੇ ਟੀ-55 ਅਤੇ ਕੇ.ਐਮ.ਟੀ. ਟੈਂਕ, ਜੋ ਮਾਈਨਜ਼ ਨੂੰ ਖ਼ਤਮ ਕਰਦਾ ਹੈ, ਵੀ ਪ੍ਰਦਰਸ਼ਨੀ ਦਾ ਸ਼ਿੰਗਾਰ ਹਨ। ਉਨ੍ਹਾਂ ਦੱਸਿਆ ਕਿ ਟੀ-90 ਟੈਂਕ ਦੁਸ਼ਮਣ ‘ਤੇ ਸਿੱਧਾ ਵਾਰ ਕਰਦਾ ਹੈ ਤੇ 130 ਐੱਮਐੱਮ ਗੰਨ ਜੋ 27 ਕਿਲੋਮੀਟਰ ਦੀ ਦੂਰੀ ਤੱਕ ਪਹੁੰਚ ਕਰਦੀ ਹੈ, ਉਹ ਵੀ ਦਰਸ਼ਕਾਂ ਲਈ ਪ੍ਰਦਸ਼ਿਤ ਕੀਤੀ ਗਈ ਹੈ। ਜਦਕਿ ਬੀਐੱਮਪੀ ਦੋ ਟੈਂਕ ਜੋ ਪਾਣੀ ਅਤੇ ਜ਼ਮੀਨ ਦੋਵੇਂ ਹਾਲਾਤ ਵਿੱਚ ਵਰਤੋਂ ਵਿਚ ਲਿਆਂਦਾ ਜਾਂਦਾ ਹੈ, ਉਹ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਟੈਂਕਾਂ ਤੋਂ ਇਲਾਵਾ ਦਰਸ਼ਕਾਂ ਨੂੰ ਹੋਰ ਫ਼ੌਜੀ ਸਾਜ਼ੋ-ਸਾਮਾਨ ਜਿਨ੍ਹਾਂ ਵਿੱਚ ਰਾਕੇਟ ਲਾਂਚਰ, ਐੱਲਐੱਮਜੀ, ਇਨਸਾ਼ਸ ਰਾਈਫਲ ਤੇ ਐੱਮਐੱਮ ਪੀਕੇਟੀ ਵਰਗੇ ਹਥਿਆਰ ਵੀ ਦਿਖਾਏ ਗਏ ਅਤੇ ਉਨ੍ਹਾਂ ਨੂੰ ਹੱਥ ਵਿੱਚ ਫੜ ਕੇ ਦਰਸ਼ਕਾਂ ਨੇ ਆਪਣੇ ਦੇਸ਼ ਦੀ ਫੌਜੀ ਸ਼ਕਤੀ ਦਾ ਅਹਿਸਾਸ ਕੀਤਾ। ਇਸੇ ਦੌਰਾਨ ਫ਼ੌਜ ਅਤੇ ਆਈਟੀਬੀਪੀ ਵਿੱਚ ਭਰਤੀ ਹੋਣ ਲਈ ਕੀਤੀ ਜਾ ਰਹੀ ਕਾਊਂਸਲਿੰਗ ਵਿੱਚ ਵੀ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ।