ਨਿੱਜੀ ਪੱਤਰ ਪ੍ਰੇਰਕ
ਨਾਭਾ, 15 ਜੁਲਾਈ
ਨਾਭਾ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਬੀਤੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ’ਚ ਸ਼ਾਮਲ ਹੋਣ ਪਿੱਛੋਂ ਨਾਭਾ ਵਿਧਾਇਕ ਅਤੇ ਸਫਾਈ ਸੇਵਕਾਂ ਵਿਚਾਲੇ ਵਿਵਾਦ ਛਿੜ ਗਿਆ। ਇਸ ਦੇ ਚਲਦਿਆਂ ਵਿਧਾਇਕ ਵੱਲੋਂ ਦੋ ਸਫਾਈ ਸੇਵਕ ਆਗੂਆਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਪਰ ਨਤੀਜੇ ਵਜੋਂ ਆਪਣੇ ਦਫਤਰ ਬਾਹਰ ਲੱਗੇ ਧਰਨੇ ਨੂੰ ਦੇਖ ਕੇ ਦੋਵਾਂ ਨੂੰ ਛੱਡਣਾ ਪਿਆ। ਲਾਅ ਅਫਸਰਾਂ ਦੀ ਨਿਯੁਕਤੀ ਵਿੱਚ ਰਾਖਵਾਂਕਰਨ ਹਟਾਉਣ ਦੀ ਕਵਾਇਦ ਖਿਲਾਫ ਸੂਬੇ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਏ ਜਿਸ ਦੇ ਚਲਦੇ ਨਾਭਾ ਸਫਾਈ ਸੇਵਕ ਯੂਨੀਅਨ ਨੇ ਵੀ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲਿਆ। ਇਸ ਮਾਮਲੇ ’ਤੇ ਨਾਭਾ ਵਿਧਾਇਕ ਵੱਲੋਂ ਇਹ ਇਤਰਾਜ਼ ਉਠਾਇਆ ਗਿਆ ਕਿ ਜੇਕਰ ਉਨ੍ਹਾਂ ਨੇ ਧਰਨੇ ’ਤੇ ਜਾਣਾ ਸੀ ਤਾਂ ਉਨ੍ਹਾਂ ਵੱਲੋਂ ਛੁੱਟੀ ਲਈ ਜਾਣੀ ਚਾਹੀਦੀ ਸੀ ਨਾ ਕਿ ਹਾਜ਼ਰੀ ਲਗਾ ਕੇ ਧਰਨੇ ’ਤੇ ਜਾਣਾ ਬਣਦਾ ਸੀ।
ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੰਦੀਪ ਬਾਲੀ ਨੇ ਦੱਸਿਆ ਕਿ ਕੌਂਸਲ ਦੇ ਸਫਾਈ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਕੌਂਸਲ ਦੇ ਪੁਰਾਣੇ ਦਫਤਰ ਬੁਲਾਇਆ ਗਿਆ ਜਿਥੇ ਵਿਧਾਇਕ ਦੇਵ ਮਾਨ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਵੇਰੇ ਦਾ ਕੰਮ ਕਰਨ ਪਿੱਛੋਂ ਅੱਧੀ ਛੁੱਟੀ ਲਗਾਈ ਗਈ ਸੀ, ਫਿਰ ਵੀ ਦੇਵ ਮਾਨ ਵੱਲੋਂ ਉਨ੍ਹਾਂ ਨਾਲ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਤੇ ਵਿਰੋਧ ਜਤਾਉਣ ’ਤੇ ਉਨ੍ਹਾਂ ਨੇ ਪੁਲੀਸ ਬੁਲਾ ਲਈ ਤੇ ਯੂਨੀਅਨ ਦੇ ਮੀਤ ਪ੍ਰਧਾਨ ਸ਼ੰਕਰ ਦ੍ਰਵਿੜ ਸਮੇਤ ਉਨ੍ਹਾਂ ਨੂੰ ਕੋਤਵਾਲੀ ਭੇਜ ਦਿੱਤਾ। ਇਸ ਪਿੱਛੋਂ ਸ਼ਹਿਰ ਦੇ ਸਾਰੇ ਹੀ ਸਫਾਈ ਸੇਵਕਾਂ ਵੱਲੋਂ ਦੇਵ ਮਾਨ ਦੇ ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ।
ਧਰਨੇ ਪਿੱਛੋਂ ਦੋਵਾਂ ਆਗੂਆਂ ਨੂੰ ਛੱਡ ਕੇ ਦੇਵ ਮਾਨ ਨੇ ਧਰਨੇ ’ਚ ਆ ਕੇ ਕਿਹਾ ਕਿ ਹਾਜ਼ਰੀ ਲਗਾ ਕੇ ਕੰਮ ਤੋਂ ਗੈਰਹਾਜ਼ਰ ਰਹਿਣਾ ਗਲਤ ਹੈ। ਹਾਲਾਂਕਿ ਆਗੂਆਂ ਦੀ ਰਿਹਾਈ ਪਿੱਛੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਪਰ ਦੋਵੇਂ ਧਿਰਾਂ ਵਿਚਾਲੇ ਕਾਫ਼ੀ ਸਮਾਂ ਬਹਿਸ ਚਲਦੀ ਰਹੀ।