ਪੱਤਰ ਪ੍ਰੇਰਕ
ਪਟਿਆਲਾ, 19 ਮਾਰਚ
ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਆਪਣੇ ਹਲਕੇ ਦੀਆਂ ਸਮੱਸਿਆਵਾਂ ਵਿਚਾਰਨ ਲਈ ਅੱਜ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੂੰ ਮਿਲੇ। ਮੀਟਿੰਗ ਵਿੱਚ ਵਿਧਾਇਕ ਨੇ ਪਟਿਆਲਾ ਨਦੀ ਵਿੱਚ ਪੈਂਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਯੋਜਨਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਮੀਟਿੰਗ ਦੇ ਵੇਰਵੇ ਨਸ਼ਰ ਕਰਦਿਆਂ ਦੱਸਿਆ,‘ਮੈਂ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੂੰ ਪਹਿਲੀ ਵਾਰ ਮਿਲਿਆ, ਉਨ੍ਹਾਂ ਮੈਨੂੰ ਹਰ ਵੇਲੇ ਸਹਿਯੋਗ ਦੇਣ ਲਈ ਕਿਹਾ।’ ਵਿਧਾਇਕ ਜੌੜਾਮਾਜਰਾ ਨੇ ਕਿਹਾ ਕਿ ਉਸ ਦੇ ਹਲਕੇ ਵਿੱਚ ਪਟਿਆਲਾ ਨਦੀ ਦੀ ਕਾਫ਼ੀ ਵੱਡੀ ਸਮੱਸਿਆ ਬਣੀ ਹੋਈ ਹੈ, ਇਸ ਵਿੱਚ ਮੈਣ ਦੀ ਸ਼ਰਾਬ ਫ਼ੈਕਟਰੀ ਸਮੇਤ ਕਈ ਸਾਰੀਆਂ ਫ਼ੈਕਟਰੀਆਂ ਦਾ ਗੰਦਾ ਪਾਣੀ ਪੈਂਦਾ ਹੈ, ਜੋ ਜ਼ਹਿਰੀਲਾ ਹੁੰਦਾ ਹੈ। ਇਸ ਪਾਣੀ ਦੀ ਵਰਤੋਂ ਕਿਸਾਨਾਂ ਵੱਲੋਂ ਆਪਣੀ ਫ਼ਸਲ ਲਈ ਕੀਤੀ ਜਾਂਦੀ ਹੈ ਜੋ ਹਾਨੀਕਾਰਕ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਨਾਲ ਵਿਚਾਰਾਂ ਕੀਤੀਆਂ ਗਈਆਂ, ਇਸ ਨਦੀ ਦੀ ਕਦੇ ਵੀ ਸਫ਼ਾਈ ਨਾ ਹੋਣ ਕਰਕੇ ਇਸ ਦੀ ਸਮੱਸਿਆ ਬਣੀ ਰਹਿੰਦੀ ਹੈ, ਜਿਵੇਂ ਪਟਿਆਲਾ ਵਿਚ ਨਦੀ ਪੱਕੀ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦਾ ਹੱਲ ਕੋਈ ਅੱਗੇ ਵੀ ਕਰਨਾ ਪਵੇਗਾ। ਇਸੇ ਤਰ੍ਹਾਂ ਹਾਲ ਵਿੱਚ ਪਏ ਗੜਿਆਂ ਕਰਕੇ ਫ਼ਸਲਾਂ ਦਾ ਨੁਕਸਾਨ ਹੋਇਆ ਸੀ, ਇਸ ਲਈ ਪਿਛਲੀ ਸਰਕਾਰ ਵੱਲੋਂ ਭੇਜੇ ਫ਼ੰਡਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ।
ਡਿਪਟੀ ਕਮਿਸ਼ਨਰ ਹਾਂਸ ਨੇ ਕਿਹਾ ਕਿ ਇਸ ਸਬੰਧੀ ਉਹ ਪੂਰੀ ਗ਼ੌਰ ਕਰਕੇ ਬਣਦਾ ਹੱਲ ਕੱਢਣਗੇ ਅਤੇ ਫ਼ਸਲਾਂ ਦੇ ਖ਼ਰਾਬੇ ਬਾਰੇ ਕੀ ਕੋਈ ਗਿਰਦਾਵਰੀ ਹੋਈ ਹੈ, ਬਾਰੇ ਅਤੇ ਹੋਰ ਅਗਲੇਰੀ ਕਾਰਵਾਈ ਬਾਰੇ ਵੀ ਉਹ ਸਪੱਸ਼ਟ ਕਰਨਗੇ।