ਪੱਤਰ ਪ੍ਰੇਰਕ
ਸਮਾਣਾ, 26 ਸਤੰਬਰ
ਕ੍ਰਿਸ਼ਨਾ ਬਸਤੀ ਵਿੱਚ ਸਥਿਤ ਇੱਕ ਕੰਪਿਊਟਰ ਸ਼ੋਅਰੂਮ ਵਿੱਚੋਂ ਚੋਰਾਂ ਨੇ ਲੱਖਾਂ ਰੁਪਏ ਦਾ ਇਲੈਕਟ੍ਰਾਨਿਕ ਸਾਮਾਨ ਚੋਰੀ ਕਰ ਲਿਆ ਹੈ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੋਰੀ ਦਾ ਸ਼ਿਕਾਰ ਹੋਏ ਸਵਾਸਤਿਕ ਇਨਫੋਟੈੱਕ ਨਾਮੀਂ ਕੰਪਿਊਟਰ ਅਤੇ ਮੋਬਾਈਲ ਸ਼ੋਅਰੂਮ ਦੇ ਮਾਲਕ ਸੋਨੂੰ ਬਾਂਸਲ ਨੇ ਦੱਸਿਆ ਕਿ 25 ਸਤੰਬਰ ਨੂੰ ਕਿਸਾਨ ਅੰਦੋਲਨ ਕਾਰਨ ਦੁਕਾਨਾਂ ਬੰਦ ਸਨ ਤੇ ਅੱਜ ਸਵੇਰੇ ਦੁਕਾਨ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਚੋਰੀ ਸਬੰਧੀ ਪਤਾ ਲਗਿਆ। ਮਾਲਕ ਅਨੁਸਾਰ 24-25 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਦੋ ਵਜੇ ਦੋ ਨੌਜਵਾਨ ਸ਼ੋਅਰੂਮ ਦੇ ਨਾਲ ਜੁੜੀ ਨਿਰਮਾਣ ਅਧੀਨ ਦੁਕਾਨ ਤੋਂ ਸ਼ੋਅਰੂਮ ਦੀ ਛੱਤ ’ਤੇ ਪਹੁੰਚੇ ਅਤੇ ਦਰਵਾਜ਼ਾ ਤੋੜ ਕੇ ਪੌੜੀਆਂ ਦੇ ਰਸਤੇ ਸ਼ੋਅਰੂਮ ਵਿੱਚ ਉਤਰ ਗਏ।
ਸੀਸੀਟੀਵੀ ਦੇ ਫੁਟੇਜ ਅਨੁਸਾਰ ਚੋਰਾਂ ਨੇ ਸ਼ੋਅਰੂਮ ਵਿੱਚ ਦਾਖਲ ਹੋ ਕੇ ਕੈਮਰਿਆਂ ਦਾ ਮੂੰਹ ਦੂਜੇ ਪਾਸੇ ਮੋੜ ਦਿੱਤਾ ਅਤੇ ਕੇਵਲ 20 ਮਿੰਟ ਵਿੱਚ ਕੁੱਲ 5 ਲੱਖ ਰੁਪਏ ਕੀਮਤ ਦੇ ਸੈਮਸੰਗ ਕੰਪਨੀ ਦੇ 15 ਮੋਬਾਈਲ ਫੋਨ, 15 ਹੈੱਡ ਫੋਨ, 60-70 ਪੈਨ ਡਰਾਈਵਾਂ, ਇੱਕ ਲੈਪਟਾਪ ਤੇ 10 ਹਜ਼ਾਰ ਰੁਪਏ ਦੀ ਨਗਦੀ ਸਣੇ ਕੁਝ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ।
ਇਸ ਸਬੰਧੀ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਸ਼ਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।