ਪਟਿਆਲਾ: ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਰਾਜਪੁਰਾ ਇਕਾਈ ਦੀ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਅਤੇ ਜਨਰਲ ਸਕੱਤਰ ਵਿਕਰਮਜੀਤ ਅਲੂਣਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿੱਚ ਹਾਜ਼ਰ ਕਮੇਟੀ ਮੈਂਬਰਾਂ ਨੇ 2018 ’ਚ ਰੈਗੂਲਰ ਹੋਏ 8886 ਐਸਐਸਏ ਅਤੇ ਰਮਸਾ ਅਧਿਆਪਕਾਂ ਵਿੱਚੋਂ ਹਰਿੰਦਰ ਸਿੰਘ ਪਟਿਆਲਾ ਤੇ ਮੈਡਮ ਨਵਲਦੀਪ ਸ਼ਰਮਾ ਦੇ ਸਿੱਖਿਆ ਮੰਤਰੀ ਦੀ ਆਗਿਆ ਮਿਲਣ ਦੇ ਬਾਵਜੂਦ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤਣ ਮਗਰੋਂ ਵੀ ਡੀਪੀਆਈ ((ਸੈਕੰਡਰੀ ਸਿੱਖਿਆ) ਵੱਲੋਂ ਰੈਗੂਲਰ ਕੀਤੇ ਜਾਣ ਸਬੰਧੀ ਆਰਡਰ ਜਾਰੀ ਨਾ ਕਰਨ ਦੀ ਆਲੋਚਨਾ ਕੀਤੀ ਗਈ। ਮੀਤ ਪ੍ਰਧਾਨ ਜਤਿੰਦਰ ਸਿੰਘ, ਅਮਨਪ੍ਰੀਤ ਕੌਰ ਮੰਡਿਆਣਾ ਤੇ ਬੰਸਬੀਰ ਕੌਰ, ਕਪੂਰ ਸਿੰਘ ਅਤੇ ਵਿਕਰਮਜੀਤ ਅਲੂਣਾ ਨੇ ਕਿਹਾ ਕਿ ਇਸ ਮਾਮਲੇ ਦੇ ਖਿਲਾਫ਼ ਕੀਤੇ ਜਾਣ ਵਾਲ਼ੇ ਗੁਪਤ ਐਕਸ਼ਨ ਵਿੱਚ ਅਧਿਆਪਕ ਵਰਗ ਵਧ ਚੜ੍ਹ ਕੇ ਹਿੱਸਾ ਲਵੇਗਾ। -ਖੇਤਰੀ ਪ੍ਰਤੀਨਿਧ