ਪੱਤਰ ਪ੍ਰੇਰਕ
ਰਾਜਪੁਰਾ, 12 ਫਰਵਰੀ
ਹਲਕਾ ਘਨੌਰ ਦੇ ਪਿੰਡ ਮੰਡਵਾਲ ਵਿੱਚ ਸਰਪੰਚ ਕਮਲਜੀਤ ਕੌਰ ਦੀ ਅਗਵਾਈ ਵਿੱਚ ਸਮੁੱਚੀ ਪੰਚਾਇਤ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਈ। ਇਸ ਮੌਕੇ ਕਾਂਗਰਸ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਰਪੰਚ ਕਮਲਜੀਤ ਕੌਰ, ਪੰਚ ਹਰਮੀਤ ਸਿੰਘ, ਧਰਮ ਸਿੰਘ, ਸਾਬਕਾ ਸਮਿਤੀ ਮੈਂਬਰ ਜਸਵਿੰਦਰ ਸਿੰਘ ਦੁੱਗਲ ਅਤੇ ਪ੍ਰਕਾਸ਼ ਸਿੰਘ ਸਮੇਤ ਹੋਰਨਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਜਲਾਲਪੁਰ ਨੇ ਪਿੰਡ ਵਾਸੀਆਂ ਤੋਂ ਵਿਕਾਸ ਦੇ ਆਧਾਰ ’ਤੇ ਵੋਟਾਂ ਦੀ ਮੰਗ ਕੀਤੀ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਦਿੜ੍ਹਬਾ ਵਿੱਚ ਕਿਸਾਨ ਮਜ਼ਦੂਰ ਸੈੱਲ ਕਾਂਗਰਸ ਦੇ ਵਾਈਸ ਚੇਅਰਮੈਨ ਰਾਮਪਾਲ ਸਿੰਘ ਸਾਦੀਹਰੀ ਆਪਣੇ ਸਾਥੀਆਂ ਸਮੇਤ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੈਰਾ ਦੀ ਅਗਵਾਈ ਵਿੱਚ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸ੍ਰੀ ਰਿਸ਼ੀਪਾਲ ਖੈਰਾ ਅਤੇ ਕੁਲਭੂਸ਼ਨ ਗੋਇਲ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਸਾਰਾ ਕੇਂਦਰ ਦੀ ਭਾਜਪਾ ਸਰਕਾਰ ਦੀ ਦੇਣ ਹੈ । ਇਸ ਮੌਕੇ ਰਾਮਪਾਲ ਸਿੰਘ ਸ਼ਾਦੀਹਰੀ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾ ਸਕਦੀ ਹੈ।
ਟਕਸਾਲੀ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ
ਦੇਵੀਗੜ੍ਹ( ਪੱਤਰ ਪ੍ਰੇਰਕ): ਹਲਕਾ ਸਨੌਰ ਵਿੱਚ ਟਕਸਾਲੀ ਕਾਂਗਰਸੀ ਪਰਿਵਾਰ ਗੁਰਮੀਤ ਸਿੰਘ ਘੜਾਮ ਅਤੇ ਬਲਵਿੰਦਰ ਸਿੰਘ ਚੌਰਾ ਆਪਣੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਇਸ ਵਾਰ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਾਸਟਰ ਸਲਵਿੰਦਰ ਸਿੰਘ, ਨਰਿੰਦਰ ਸਿੰਘ, ਦਲੇਰ ਸਿੰਘ, ਬਲਵਿੰਦਰ ਸਿੰਘ, ਅੰਮ੍ਰਿਤ ਸੰਧੂ, ਚਾਨਣ ਸਿੰਘ ਸੰਧੂ ਆਦਿ ਪ੍ਰਮੁੱਖ ਸਨ।