ਗੁਰਨਾਮ ਸਿੰਘ ਚੌਹਾਨ
ਪਾਤੜਾਂ, 30 ਸਤੰਬਰ
ਸ਼ਹਿਰ ਵਿੱਚੋਂ ਲੰਘਦੇ ਦਿੱਲੀ-ਸੰਗਰੂਰ ਮੁੱਖ ਕੌਮੀ ਮੁੱਖ ਮਾਰਗ ਦੇ ਕਿਨਾਰੇ ਰਾਜਨੀਤਕ ਲੋਕਾਂ ਅਤੇ ਵਪਾਰਕ ਅਦਾਰਿਆਂ ਵੱਲੋਂ ਆਪਣੀ ਮਸ਼ਹੂਰੀ ਕਰਨ ਦੇ ਮਕਸਦ ਨਾਲ ਫਲੈਕਸਾਂ ਦੀ ਵੱਡੇ ਪੱਧਰ ਉੱਤੇ ਵਰਤੋਂ ਕੀਤੀ ਜਾ ਰਹੀ ਹੈ। ਪਾਵਰਕੌਮ ਅਧਿਕਾਰੀਆਂ ਸਮੇਤ ਨਗਰ ਕੌਂਸਲ ਪਾਤੜਾਂ ਦੇ ਕਰਮਚਾਰੀਆਂ ਨੇ ਫਲੈਕਸਾਂ ਨੂੰ ਦੇਖ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਚੌਕ ਤੋਂ ਪੁਰਾਣੇ ਬੱਸ ਅੱਡੇ ਤੱਕ ਬਿਜਲੀ ਦੇ ਖੰਭਿਆਂ ਸਮੇਤ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਲਗਾਈਆਂ ਗਈਆਂ ਸਟਰੀਟ ਲਾਈਟਾਂ ਦੇ ਖੰਭਿਆਂ ਵਿਚੋਂ ਸ਼ਾਇਦ ਹੀ ਕੋਈ ਖੰਭਾ ਅਜਿਹਾ ਹੋਵੇਗਾ ਜਿਸ ਉੱਤੇ ਫਲੈਕਸ ਬੋਰਡ ਨਾ ਲੱਗਾ ਹੋਵੇ। ਸੜਕ ਕਿਨਾਰੇ ਅਜਿਹੇ ਫਲੈਕਸ ਲਗਾਉਣ ਉੱਤੇ ਪਾਬੰਦੀ ਹੈ।
ਐਕਸੀਅਨ ਪਾਵਰਕੌਮ ਪਾਤੜਾਂ ਗੁਰਪ੍ਰੀਤਪਾਲ ਸਿੰਘ ਨੇ ਕਿਹਾ ਕਿ ਬਿਜਲੀ ਦੇ ਖੰਭਿਆਂ ਉੱਤੇ ਨਿੱਜੀ ਇਸ਼ਤਿਹਾਰਬਾਜ਼ੀ ਕਰਨਾ ਸਰਾਸਰ ਗ਼ਲਤ ਹੈ। ਕੁਝ ਹਾਲਤਾਂ ਵਿੱਚ ਅਜਿਹਾ ਕਰਨ ਲਈ ਬਾਕਾਇਦਾ ਖ਼ਰਚਾ ਅਦਾ ਕਰ ਕੇ ਪਾਵਰਕੌਮ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਚੈੱਕ ਕਰਵਾ ਕੇ ਕਾਰਵਾਈ ਕਰਨਗੇ।
ਇਸ ਸਮੱਸਿਆ ਸਬੰਧੀ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰ ਕੇ ਨਾਜਾਇਜ਼ ਤੌਰ ਉੱਤੇ ਲੱਗੇ ਫਲੈਕਸ ਉਤਾਰ ਦਿੱਤੇ ਜਾਣਗੇ।