ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਅਕਤੂਬਰ
ਗੁਰਪਤਵੰਤ ਸਿੰਘ ਪੰਨੂ ਵੱਲੋਂ ਨੌਜਵਾਨਾ ਨੂੰ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ’ਤੇ ਖਾਲਿਸਤਾਨ ਦੇ ਝੰਡੇ ਲਹਿਰਾਉਣ ਅਤੇ ਪੋਸਟਰ ਲਾਉਣ ਦੇ ਦਿੱਤੇ ਸੱਦੇ ਨੂੰ ਹੁਲਾਰਾ ਨਹੀਂ ਮਿਲਿਆ ਕਿਉਂਕਿ ਮੁੱਖ ਮੰਤਰੀ ਦੇ ਜ਼ਿਲ੍ਹਾ ਪਟਿਆਲਾ ਵਿੱਚ ਅੱਜ ਸਿਰਫ਼ ਤਿੰਨ ਥਾਂਈਂ ਹੀ ਖਾਲਿਸਤਾਨ ਪੱਖੀ ਪੋਸਟਰ ਨਜ਼ਰ ਆਏ। ਭਾਵੇਂ ਕਿ ਇਕ ਗੱਡੀ ਵਿੱਚ ਜਾਂਦਿਆਂ ਕੁਝ ਨੌਜਵਾਨਾਂ ਨੇ ਤਾਂ ਖਾਲਿਸਤਾਨ ਦੇ ਨਾਅਰੇ ਲਾਏ ਪਰ ਮੁੱਖ ਰੂਪ ਵਿੱਚ ਖਾਲਿਸਤਾਨ ਪੱਖੀ ਪੋਸਟਰ ਲਾਉਣ ਵਾਲ਼ਾ ਕੋਈ ਨੌਜਵਾਨ ਹਿੱਕ ਠੋਕ ਕੇ ਸਾਹਮਣੇ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਇੱਕ ਵੀਡੀਓ ਵਾਇਰਲ ਕਰਕੇ ਨੌਜਵਾਨਾਂ ਨੂੰ ਖਾਲਿਸਤਾਨ ਦੇ ਝੰਡੇ ਤੇ ਪੋਸਟਰ ਲਾਉਣ ਦਾ ਸੱਦਾ ਦਿੱਤਾ ਸੀ। 31 ਅਕਤੂਬਰ ਦੀ ਸ਼ਾਮ ਤੱਕ ਜਿਹੜੀਆਂ ਥਾਵਾਂ ’ਤੇ ਖਾਲਿਸਤਾਨ ਪੱਖੀ ਸਰਗਰਮੀਆਂ ਨਜ਼ਰ ਆਈਆਂ, ਉਨ੍ਹਾਂ ਵਿੱਚੋਂ ਪਟਿਆਲਾ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੇ ਗੇਟ ’ਤੇ ਕੇਸਰੀ ਰੰਗ ਦੇ ਕੱਪੜੇ ਵਾਲ਼ਾ ਖਾਲਿਸਤਾਨ ਦਾ ਬੈਨਰ ਲੱਗਾ ਨਜ਼ਰ ਆਇਆ। ਅਜਿਹਾ ਹੀ ਇੱਕ ਹੋਰ ਬੈਨਰ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਸਾਹਮਣੇ ਸਥਿਤ ਓਵਰ ਬ੍ਰਿੱਜ ਦੇ ਥੰਮ੍ਹਲੇ ’ਤੇ ਲੱਗਾ ਵੀ ਵੇਖਿਆ ਗਿਆ। ਕਿਸੇ ਨੇ ‘ਯੂਨੀਵਰਸਿਟੀ ਕਾਲਜ ਆਫ਼ ਘਨੌਰ’ ਦੇ ਗੇਟ ਦੇ ਬਾਹਰ ਖੜ੍ਹ ਕੇ ਵੀ ਖਾਲਿਸਤਾਨ ਪੱਖੀ ਪੋਸਟਰ ਨੂੰ ਪ੍ਰਦਰਸ਼ਤ ਕਰਦੀ 11 ਸਕਿੰਟਾਂ ਦੀ ਵੀਡੀਓ ਵੀ ਵਾਇਰਲ ਕੀਤੀ ਹੈ। ਤਿੰਨ ਦਿਨ ਪਹਿਲਾਂ ਵੀ ਇਥੋਂ ਦੇ ਇੱਕ ਵਿੱਦਿਅਕ ਅਦਾਰੇ ਦੇ ਅੰਦਰ ਵੀ ਅਜਿਹਾ ਹੀ ਇੱਕ ਬੈਨਰ ਲੱਗਾ ਮਿਲਿਆ ਸੀ। ਪੰਨੂ ਦੀ ਸੋਚ ’ਤੇ ਪਹਿਰਾ ਦੇਣ ਵਾਲ਼ੇ ਕੁਝ ਨੌਜਵਾਨ ਏਨੀ ਕੁ ਪ੍ਰਕ੍ਰਿਆ ਨੂੰ ਵੀ ਨੌਜਵਾਨ ਵਰਗ ’ਚ ਖਾਲਿਸਤਾਨ ਪੱਖੀ ਚਿਣਗ ਬਰਕਰਾਰ ਹੋਣ ਦਾ ਤਰਕ ਦੇ ਰਹੇ ਹਨ। ਉਧਰ ਇਸ ਸਬੰਧੀ ਕਿਸੇ ਵੀ ਥਾਣੇ ’ਚ ਕੇਸ ਦਰਜ ਕਰਨ ਦੀ ਕੋਈ ਖ਼ਬਰ ਨਹੀਂ ਹੈ। ਪੁਲੀਸ ਦਾ ਤਰਕ ਹੈ ਕਿ ਮਾਮਲਿਆਂ ਦੀ ਘੋਖ ਕੀਤੀ ਜਾ ਰਹੀ ਹੈੇ।