
ਪੱਤਰ ਪ੍ਰੇਰਕ
ਦੇਵੀਗੜ੍ਹ, 5 ਫਰਵਰੀ
ਪੰਜਾਬ ਪਾਵਰਕੌਮ ਉਪਰ ਦੇਣਦਾਰੀਆਂ ਦਾ ਵੱਡਾ ਬੋਝ ਹੈ ਜੇਕਰ ਇਸ ਵੱਲ ਪੰਜਾਬ ਸਰਕਾਰ ਨੇ ਜਲਦ ਧਿਆਨ ਨਾ ਦਿੱਤਾ ਤਾਂ ਪਾਵਰਕੌਮ ਕਿਸੇ ਵੇਲੇ ਵੀ ਹਨੇਰੇ ਵਿੱਚ ਡੁੱਬ ਜਾਵੇਗਾ, ਜਿਸ ਦਾ ਖਮਿਆਜ਼ਾ ਆਉਣ ਵਾਲੀ ਗਰਮੀ ਵਿੱਚ ਪੰਜਾਬ ਦੇ ਲੋਕਾਂ ਨੂੰ ਚਕਾਉਣਾ ਪਵੇਗਾ। ਇਹ ਪ੍ਰਗਟਾਵਾ ਅੱਜ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਘੜਾਮ ਵਿੱਚ ਯੂਥ ਅਕਾਲੀ ਆਗੂ ਜੋਬਨਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਇੱਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪਾਵਰਕੌਮ ਦੇ ਸੀਐਮਡੀ ਦੇ ਕਾਰਜਕਾਲ ਦੀ ਮਿਆਦ ਮੁੱਕ ਚੁੱਕੀ ਹੈ ਅਤੇ ਕਈ ਵਾਰ ਮਿਆਦ ਵਧਾਈ ਗਈ ਹੈ। ਇਸ ਤੋਂ ਇਲਾਵਾ ਪਾਵਰਕੌਮ ਤੇ 9 ਹਜ਼ਾਰ ਕਰੋੜ ਦੀਆਂ ਸਬਸਿਡੀਆਂ ਅਤੇ 12 ਹਜ਼ਾਰ ਕਰੋੜ ਰੁਪਏ ਦੇ ਬਕਾਏ ਦੇਣੇ ਹਨ। ਪਾਵਰਕੌਮ ਦਾ ਕੋਈ ਪੱਕਾ ਸੀ.ਐਮ.ਡੀ. ਨਾ ਹੋਣ ਕਰਕੇ ਬਿਜਲੀ ਬੋਰਡ ਗੰਭੀਰ ਸਥਿਤੀ ਵਿੱਚ ਹੈ ਅਤੇ ਜਿਨ੍ਹਾਂ ਕਾਰੋਬਾਰੀਆਂ ਅਤੇ ਕਾਰਖਾਨੇਦਾਰਾਂ ਨੇ ਪੰਜਾਬ ਵਿੱਚ ਉਦਯੋਗ ਲਗਾਉਣੇ ਹਨ ਉਨ੍ਹਾਂ ਨੂੰ ਬੇਭਰੋਸਗੀ ਦਾ ਡਰ ਸਤਾ ਰਿਹਾ ਹੈ। ਚੰਦੂਮਾਜਰਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪਾਵਰਕੌਮ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਕਾਰੋਬਾਰੀ ਅਤੇ ਉਦਯੋਗ ਲਗਾਉਣ ਵਾਲੇ ਲੋਕ ਪੰਜਾਬ ਤੋਂ ਬਾਹਰ ਚਲੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨ ਵੀ ਭਾਰੀ ਚਿੰਤਤ ਹਨ। ਇਸ ਲਈ ਮੁੱਖ ਮੰਤਰੀ ਪੰਜਾਬ ਪਾਵਰਕੌਮ ਬਾਰੇ ਵਾਈਟ ਪੇਪਰ ਜਾਰੀ ਕਰਨ ਅਤੇ ਸਥਿਤੀ ਸਪੱਸ਼ਟ ਕਰਨ। ਇਸ ਮੌਕੇ ਚੰਦੂਮਾਜਰਾ ਨਾਲ ਗੁਰਜੀਤ ਸਿੰਘ ਉਪਲੀ, ਗੁਰਪਿੰਦਰ ਸਿੰਘ, ਕੈਪਟਨ ਖੁਸ਼ਵੰਤ ਸਿੰਘ, ਗੁਰਮੀਤ ਸਿੰਘ, ਜੋਬਨਪ੍ਰੀਤ ਸਿੰਘ, ਹਰਚੰਦ ਸਿੰਘ, ਜਤਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਉਪਲੀ ਮੌਜੂਦ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ