ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਈ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪਾਣੀ ਦੀ ਹਰ ਇਕ ਬੂੰਦ ਕੀਮਤੀ ਹੈ। ਪਾਣੀ ਦੀ ਸੁਰੱਖਿਆ ਹੀ ਜੀਵਨ ਦੀ ਸੁਰੱਖਿਆ ਹੈ। ਕਣਕ ਦੀ ਵਾਢੀ ਲਗਭਗ ਪੂਰੀ ਹੋਣ ਉਪਰੰਤ ਪੀ.ਐੱਸ.ਪੀ.ਸੀ.ਐੱਲ. ਵੱਲੋਂ ਟਿਊਬਵੈੱਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਨੂੰ ਦਿਨ ਵੇਲੇ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਜਲ ਸਰੋਤ ਸੀਮਤ ਹੈ। ਚਾਹੇ ਬਿਜਲੀ ਦੀ ਕੋਈ ਥੁੜ੍ਹ ਨਹੀਂ, ਫਿਰ ਵੀ ਪਾਣੀ ਦੀ ਵਰਤੋਂ ਸੰਜਮ ਨਾਲ ਕਰਨਾ ਸਮੇਂ ਦੀ ਮੰਗ ਹੈ। ਕਿਸਾਨਾਂ ਨੂੰ ਪਾਣੀ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਹਰ ਬੂੰਦ ਕੀਮਤੀ ਹੈ ਅਤੇ ਗੁਰਬਾਣੀ ਵਿੱਚ ਵੀ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ, ਰਾਹੀਂ ਪਾਣੀ ਦੀ ਮਹੱਤਤਾ ਦਾ ਸੰਦੇਸ਼ ਦਿੱਤਾ ਗਿਆ ਹੈ।
ਇੱਥੇ ਜਾਰੀ ਬਿਆਨ ’ਚ ਹਾਲਾਂਕਿ ਬਿਜਲੀ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੀਐੱਸਪੀਸੀਐੱਲ ਕੋਲ ਬਿਜਲੀ ਦੀ ਕਮੀ ਨਹੀਂ ਹੈ, ਲੇਕਿਨ ਸੂਬੇ ਅੰਦਰ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ਵੀ ਕਿਸੇ ਤੋਂ ਛੁਪੀ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਜ਼ਰੂਰਤ ਮੁਤਾਬਿਕ ਟਿਊਬਵੈੱਲ ਚਲਾਉਣੇ ਚਾਹੀਦੇ ਹਨ। ਕਿਸਾਨਾਂ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਬਚਾਉਣਾ ਪਵੇਗਾ।