ਖੇਤਰੀ ਪ੍ਰਤੀਨਿਧ
ਪਟਿਆਲਾ, 11 ਸਤੰਬਰ
ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਸ਼ਹਿਰ ਦੀ ਦੀਆਂ ਵੱਖ ਵੱਖ ਕਲੋਨੀਆਂ, ਗਲੀ, ਮੁਹੱਲਿਆਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਲਈ 34,162 ਥਾਵਾਂ ’ਤੇ ਖੜ੍ਹੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ 503 ਥਾਵਾਂ ਤੋਂ ਮਿਲੇ ਮੱਛਰਾਂ ਦੇ ਲਾਰਵੇ ਨੂੰ ਸਿਹਤ ਟੀਮਾਂ ਵੱਲੋਂ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ। ਇਸ ਦੌਰਾਨ ਸਿਹਤ ਟੀਮਾਂ ਦਾ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਨਿਰੀਖਣ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਸੀਜ਼ਨ ਦੌੌਰਾਨ ਜ਼ਿਲ੍ਹੇ 40 ਡੇਂਗੂ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਹਰੇਕ ਵਿਅਕਤੀ ਆਪਣੇ ਘਰਾਂ ਵਿੱਚ ਖੜ੍ਹੇ ਪਾਣੀ ਦੇ ਸਰੋਤਾਂ ਨੂੰ ਨਸ਼ਟ ਕਰਕੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਵਿੱਚ ਆਪਣਾ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਡੇਂਗੁੂ ਦੇ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹਨ। ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਪੰਜ ਲੱਖ ਤੋਂ ਵੱਧ ਘਰਾਂ/ਥਾਂਵਾ ’ਤੇ ਖੜ੍ਹੇ ਪਾਣੀ ਦੇ ਸਰੋਤਾ ਦੀ ਚੈਕਿੰਗ ਕਰਕੇ 6294 ਜਗਾ ਤੇਂ ਮਿਲਿਆ ਲਾਰਵਾ ਨਸ਼ਟ ਕਰਵਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਟੀਮਾਂ ਵੱਲੋਂ ਦੇਖਿਆ ਗਿਆ ਹੈ ਕਿ ਸਭ ਤੋਂ ਜ਼ਿਆਦਾ ਲਾਰਵਾ ਕੂਲਰਾਂ ਵਿੱਚ ਛੱਡੇ ਹੋਏ ਖੜ੍ਹੇ ਪਾਣੀ ਵਿੱਚ ਪਾਇਆ ਜਾ ਰਿਹਾ ਹੈ। ਇਸ ਲਈ ਨਮੀ ਦੇ ਮੌਸਮ ਦੇ ਆਉਣ ਕਾਰਨ ਪਾਣੀ ਦਾ ਇਸਤੇਮਾਲ ਨਾ ਹੋਣ ’ਤੇ ਕੂਲਰਾਂ ਦੀਆਂ ਟੈਂਕੀਆਂ ਨੂੰ ਸੁਕਾ ਦਿੱਤਾ ਜਾਵੇ।