ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਦੇਵੀਗੜ੍ਹ, 5 ਜਨਵਰੀ
ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅੱਜ ਬਲਾਕ ਸਮਿਤੀ ਭੁਨਰਹੇੜੀ ਵਿਚ ਬਲਾਕ ਸਨੌਰ ਤੇ ਬਲਾਕ ਭੁਨਰਹੇੜੀ ਦੀਆਂ ਪੰਚਾਇਤਾਂ ਨੂੰ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 10 ਕਰੋੜ 15 ਲੱਖ ਦੇ ਚੈੱਕ ਵੰਡੇ। ਪਟਿਆਲਾ ਸ਼ਹਿਰ ’ਚ ਸਥਿਤ ਸਨੌਰ ਦੇ ਬੀਡੀਪੀਓ ਦਫਤਰ ’ਚ ਹੈਰੀਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਹਲਕਾ ਸਨੌਰ ਦੇ ਵਿਕਾਸ ਲਈ ਗ੍ਰਾਂਟ ਭੇਜੀ ਗਈ ਹੈ। ਉਨ੍ਹਾਂ ਅੱਜ ਬਲਾਕ ਭੁਨਰਹੇੜੀ ਦੇ 129 ਪਿੰਡਾਂ ਨੂੰ 4 ਕਰੋੜ ਅਤੇ ਬਲਾਕ ਸਨੋਰ ਦੇ ਪਿੰਡਾਂ ਨੂੰ 6 ਕਰੋੜ 15 ਲੱਖ ਰੁਪਏ ਦੇ ਚੈੱਕ ਵੰਡੇ ਹਨ। ਇਸ ਤੋਂ ਇਲਾਵਾ ਬਹਾਦਰਗੜ੍ਹ ਮੰਦਿਰ ਵਿਖੇ ਕਮਿਊਨਿਟੀ ਹਾਲ ਲਈ 50 ਲੱਖ ਰੁਪਏ, ਸ਼ਹੀਦ ਊਧਮ ਸਿੰਘ ਕਾਲੋਨੀ ਲਈ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਉਨ੍ਹਾਂ ਦੱਸਿਆ ਕਿ ਰਾਮ ਨਗਰ ਚੂੰਨੀਵਾਲਾ ਵਿੱਚ ਰਾਜਪੂਤ ਬਰਾਦਰੀ ਲਈ ਧਰਮਸ਼ਾਲਾ ਬਣਾਈ ਜਾਵੇਗੀ ਅਤੇ ਦੇਵੀਗੜ੍ਹ ਵਿਖੇ ਨਗਰ ਪੰਚਾਇਤ ਮਨਜ਼ੂਰ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਰਕਾਰ ਵੱਲੋਂ ਪੈਸੇ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।