ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 29 ਮਾਰਚ
ਚੌਕ ’ਤੇ ਲੱਗੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਸੁਰੱਖਿਆ ਸਬੰਧੀ ਭਗਵਾਨ ਵਾਲਮੀਕਿ ਚੇਤਨਾ ਮੰਚ ਰਾਜਪੁਰਾ ਵੱਲੋਂ ਪ੍ਰਧਾਨ ਰਾਜਿੰਦਰ ਵਾਲਮੀਕਨ ਦੀ ਅਗਵਾਈ ਹੇਠ ਵਿਧਾਇਕ ਨੀਨਾ ਮਿੱਤਲ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਪਹਿਲਾਂ ਮੈਂਬਰਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੰਚ ਦੇ ਪ੍ਰਧਾਨ ਵਾਲਮੀਕਨ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਦੀ 15 ਸਤੰਬਰ 2019 ਅਤੇ 27 ਫਰਵਰੀ 2021 ਦੋ ਵਾਰ ਪਹਿਲਾਂ ਭੰਨ੍ਹ ਤੋੜ ਕਰ ਕੇ ਬੇਅਦਬੀ ਕੀਤੀ ਜਾ ਚੁੱਕੀ ਹੈ। ਦਲਿਤ ਸਮਾਜ ਦੇ ਰੋਹ ਨੂੰ ਦੇਖਦੇ ਹੋਏ ਰਾਜਪੁਰਾ ਪੁਲੀਸ ਪ੍ਰਸ਼ਾਸਨ ਨੇ ਬੁੱਤ ਦੇ ਆਲ਼ੇ ਦੁਆਲ਼ੇ ਕੈਮਰੇ ਲਗਾ ਦਿੱਤੇ ਸਨ ਪਰ ਉਨ੍ਹਾਂ ਸੰਸਥਾ ਦੇ ਮੈਂਬਰਾਂ ਨਾਲ ਚੈੱਕ ਕੀਤਾ ਤਾਂ ਦੇਖਿਆ ਕਿ ਕੈਮਰੇ ਚਾਲੂ ਹਾਲਤ ਵਿਚ ਨਹੀਂ ਹਨ। ਉਨ੍ਹਾਂ ਖ਼ਦਸ਼ਾ ਜਾਹਰ ਕੀਤਾ ਕਿ ਡਾ. ਸਾਹਿਬ ਦੇ ਬੁੱਤ ਦੀ ਮੁੜ ਤੋਂ ਬੇਅਦਬੀ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਵਿਧਾਇਕਾ ਨੀਨਾ ਮਿੱਤਲ ਨੇ ਇਸ ਮੌਕੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਢੁਕਵੀਂ ਕਾਰਵਾਈ ਕਰਨ ਲਈ ਪੁਲੀਸ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣਗੇ।
ਉੱਧਰ ਰਾਜਪੁਰਾ ਦੇ ਐੱਸਡੀਐੱਮ ਸੰਜੀਵ ਕੁਮਾਰ ਨੇ ਦੱਸਿਆ ਕਿ ਮੰਚ ਦੁਆਰਾ ਉਨ੍ਹਾਂ ਨੂੰ ਵੀ ਇਕ ਮੰਗ ਪੱਤਰ ਸੌਂਪਿਆ ਗਿਆ ਹੈ। ਇਹ ਮੰਗ ਪੱਤਰ ਉਹ ਡੀਐੱਸਪੀ ਰਾਜਪੁਰਾ ਨੂੰ ਭੇਜ ਕੇ ਕਾਰਵਾਈ ਲਈ ਲਿਖ ਰਹੇ ਹਨ।
ਵਿਧਾਇਕਾ ਨੀਨਾ ਮਿੱਤਲ ਦਾ ਸਨਮਾਨ
ਰਾਜਪੁਰਾ: ਇਥੋਂ ਦੇ ਵੱਖ-ਵੱਖ ਪ੍ਰੈੱਸ ਕਲੱਬਾਂ ’ਤੇ ਅਧਾਰਿਤ ਪੱਤਰਕਾਰ ਤਾਲਮੇਲ ਕਮੇਟੀ ਵੱਲੋਂ ਬਿਰਧ ਆਸ਼ਰਮ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਰਾਜਪੁਰਾ ਦੀ ਵਿਧਾਇਕਾ ਬੀਬੀ ਨੀਨਾ ਮਿੱਤਲ ਨੂੰ ਪੱਤਰਕਾਰ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਾਲਮੇਲ ਕਮੇਟੀ ਵੱਲੋਂ ਪੱਤਰਕਾਰਾਂ ਦੀਆਂ ਮੁਸ਼ਕਲਾਂ ਸਬੰਧੀ ਇੱਕ ਮੰਗ ਪੱਤਰ ਵੀ ਵਿਧਾਇਕਾ ਨੂੰ ਸੌਂਪਿਆ ਗਿਆ। ਮੈਡਮ ਨੀਨਾ ਮਿੱਤਲ ਨੇ ਪੱਤਰਕਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਪੱਤਰਕਾਰਾਂ ਦੀ ਮੁਸ਼ਕਲਾਂ ਅਤੇ ਮੰਗਾਂ ਤੋਂ ਜਾਣੂ ਹਨ। ਜਲਦੀ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਇਹ ਮੰਗਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆ ਜਾਣਗੀਆਂ। ਇਸ ਮੌਕੇ ਡਾ. ਗੁਰਵਿੰਦਰ ਅਮਨ, ਅਸ਼ੋਕ ਝਾਅ, ਕ੍ਰਿਸ਼ਨ ਨਿਰਦੋਸ਼, ਦਰਸ਼ਨ ਸਿੰਘ ਮਿੱਠਾ, ਵਿਜੇ ਵੋਹਰਾ, ਅਲੋਕ ਨਾਥ ਮਸਤਾਨਾ, ਜਗਦੀਸ਼ ਸ਼ਰਮਾ, ਰਮੇਸ਼ ਕਟਾਰੀਆ, ਡੀ.ਐਸ ਕੱਕੜ ਤੇ ਪ੍ਰਿੰਸ ਤਨੇਜਾ ਸਮੇਤ ਹੋਰ ਪੱਤਰਕਾਰ ਮੌਜੂਦ ਸਨ। -ਪੱਤਰ ਪ੍ਰੇਰਕ