ਸੁਭਾਸ਼ ਚੰਦਰ
ਸਮਾਣਾ, 12 ਮਾਰਚ
ਇੱਥੇ ਇਕ ਵਿਆਹ ਸਮਾਗਮ ਵਿੱਚ ਪੁਲੀਸ ਨੇ ਲਾੜਾ ਗ੍ਰਿਫ਼ਤਾਰ ਕਰ ਲਿਆ। ਬਲਬੇੜਾ ਪੁਲੀਸ ਦੇ ਮੁੱਖੀ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ ਸਾਲ ਹੋਏ ਇਕ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਸੀ ਅਤੇ ਉਦੋਂ ਤੋਂ ਹੀ ਭਗੌੜਾ ਚੱਲ ਰਿਹਾ ਸੀ। ਵੀਰਵਾਰ ਨੂੰ ਉਕਤ ਨੌਜਵਾਨ ਵੱਲੋਂ ਸਮਾਣਾ ਦੀ ਅਮਨ ਕਲੋਨੀ ਦੀ ਵਸਨੀਕ ਕਿਸੇ ਲੜਕੀ ਨਾਲ ਵਿਆਹ ਕੀਤੇ ਜਾਣ ਸਬੰਧੀ ਸੂਚਨਾ ਮਿਲਣ ਉਪਰੰਤ ਪੁਲੀਸ ਨੇ ਵਿਆਹ ਵਾਲੀ ਜਗ੍ਹਾ ’ਤੇ ਛਾਪਾ ਮਾਰ ਕੇ ਨੌਜਵਾਨ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 2020 ਵਿੱਚ ਬਲਬੇੜਾ ਨੇੜੇ ਦਿਨ-ਦਿਹਾੜੇ ਇਕ ਡਾਕਟਰ ਦੇ ਕਤਲ ਦੇ ਮਾਮਲੇ ’ਚ ਇਹ ਨੌਜਵਾਨ ਲੋੜੀਂਦਾ ਸੀ।