ਪੱਤਰ ਪ੍ਰੇਰਕ
ਦੇਵੀਗੜ੍ਹ, 16 ਜੂਨ
ਹੁਣ ਜਦੋਂ ਕਿ ਲੋਕ ਸ਼ਹਿਰਾਂ ਵਿੱਚ ਜ਼ਿਆਦਾਤਰ ਜਾ ਵਸੇ ਹਨ ਇਸ ਕਰਕੇ ਅੱਜ ਕੱਲ੍ਹ ਕਿਸੇ ਵੀ ਪਿੰਡ ਵਿੱਚ ਸੱਥ ਨਹੀਂਂ ਰਹਿ ਗਈ। ਇਸ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਲੋਕਾਂ ਦੇ ਪਿੰਡ ਵਿਚ ਇਕੱਠੇ ਬੈਠਣ ਲਈ ਕਿਉਂਂ ਨਾ ਸੱਥਾਂ ਬਣਾਈਆਂ ਜਾਣ। ਹੁਣ ਜਿਹੜੇ ਪਿੰਡ ਵਿੱਚ ਖਾਲੀ ਜ਼ਮੀਨ ਹੋਵੇਗੀ ਉਸ ਵਿੱਚ ਮਾਡਰਨ ਸੱਥ ਬਣਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਏਡੀਸੀ ਵਿਕਾਸ ਈਸ਼ਾ ਸਿੰਗਲ ਨੇ ਅੱਜ ਬਲਾਕ ਭੁੱਨਰਹੇੜੀ ਦੇ ਪਿੰਡ ਦੇਵੀਨਗਰ ਉਰਫ ਸਵਾਈ ਸਿੰਘ ਵਾਲਾ ਵਿੱਚ ਕਰਵਾਏ ਗ੍ਰਾਮ ਸਭਾ ਇਜਲਾਸ ਦੌਰਾਨ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਬੀਡੀਪੀਓ ਭੁਨਰਹੇੜੀ ਜਤਿੰਦਰ ਸਿੰਘ ਢਿੱਲੋਂ ਤੇ ਉਪ ਚੇਅਰਮੈਨ ਡਾ. ਗੁਰਮੀਤ ਸਿੰਘ ਬਿੱਟੂ ਵੀ ਮੌਜੂਦ ਸਨ। ਏਡੀਸੀ ਵਿਕਾਸ ਈਸ਼ਾ ਸਿੰਗਲ ਨੇ ਇਸ ਮੌਕੇ ਪਿੰਡ ਦੇ ਪਿਛਲੇ ਕਰਵਾਏ ਗਏ ਕੰਮਾਂ ਦਾ ਵੀ ਜਾਇਜ਼ਾ ਲਿਆ ਅਤੇ ਲੋਕਾਂ ਦੇ ਵਿਚਾਰ ਸੁਣੇ। ਪਿੰਡ ਵਾਸੀਆਂ ਵੱਲੋਂ ਸਰਪੰਚ ਨਿਰਮਲ ਕੌਰ ਪਤਨੀ ਕੁਲਦੀਪ ਸਿੰਘ ਨੇ ਪਿੰਡ ਦੇ ਕੁਝ ਹੋਰ ਹੋਣ ਵਾਲੇ ਕੰਮਾਂ ਨੂੰ ਕਰਵਾਉਣ ਲਈ ਜਿਨ੍ਹਾਂ ਵਿੱਚ ਮੈਰਿਜ ਪੈਲੇਸ, ਪਸ਼ੂ ਡਿਸਪੈਂਸਰੀ, ਛੱਪੜਾਂ ਦੀ ਚਾਰਦੀਵਾਰੀ ਆਦਿ ਬਾਰੇ ਕਿਹਾ। ਜਿਨ੍ਹਾਂ ਨੂੰ ਏਡੀਸੀ ਨੇ ਮੁਕੰਮਲ ਕਰਨ ਦਾ ਪਿੰਡ ਵਾਸੀਆਂ ਨੂੰ ਵਿਸਵਾਸ਼ ਦੁਆਇਆ।