ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਅਪਰੈਲ
ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਜੋਕੀ ਲੀਡਰਸ਼ਿਪ ਨੇ ਆਪਣੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ ਜਿਸ ਕਰਕੇ ਇਸ ਪਾਰਟੀ ਵਿੱਚ ਭ੍ਰਿਸ਼ਟਾਚਾਰ ਜ਼ੋਰਾਂ ਨਾਲ ਹੋਇਆ ਹੈ।
ਡਾ. ਗਾਂਧੀ ਨੇ ਅੱਜ ਕਈ ਸਾਰੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਇਕ ਵਾਰ ਫਿਰ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਕਰਨ ਦੀ ਵਕਾਲਤ ਕੀਤੀ ਤੇ ਕਿਹਾ ਕਿ ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੰਜਾਬ ਵਿੱਚ ਪੋਸਤ ਦੀ ਖੇਤੀ ਕਰਨੀ ਹੀ ਪਵੇਗੀ ਕਿਉਂਕਿ ਜਿਸ ਖ਼ਤਰਨਾਕ ਨਸ਼ਿਆਂ ਵਿਚ ਪੰਜਾਬ ਦਾ ਨੌਜਵਾਨ ਗ਼ਰਕ ਗਿਆ ਹੈ ਉਸ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਇਹ ਕਰਨਾ ਹੀ ਹੋਵੇਗਾ। ਡਾ. ਗਾਂਧੀ ਨੂੰ ਵੱਖ ਵੱਖ ਥਾਂਵਾਂ ’ਤੇ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ਵਿਚ ਕਾਫ਼ੀ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ, ਉਸ ਨੂੰ ਕਾਂਗਰਸੀ ਹੀ ਨਹੀਂ ਸਗੋਂ ਆਮ ਲੋਕ ਵੀ ਮਿਲਣ ਲਈ ਕਾਫ਼ੀ ਉਤਾਵਲੇ ਨਜ਼ਰ ਆ ਰਹੇ ਹਨ।
ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਿਚ 25 ਹਜ਼ਾਰ ਬੇਗੁਨਾਹ ਨੌਜਵਾਨ ਜੇਲ੍ਹਾਂ ਵਿੱਚ ਇਸ ਕਰਕੇ ਬੰਦ ਹੈ ਕਿਉਂਕਿ ਉਹ ਮਾਮੂਲੀ ਨਸ਼ੇ ਕਰਦਾ ਸਨ ਪਰ ਜੋ ਮਗਰਮੱਛ ਹਨ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾਇਆ ਉਨ੍ਹਾਂ ਨੂੰ ਅਜੇ ਤੱਕ ਵੀ ਜੇਲ੍ਹਾਂ ਵਿੱਚ ਨਹੀਂ ਡੱਕਿਆ ਗਿਆ, ਇਸੇ ਕਰਕੇ ਹੁਣ ਲੋੜ ਹੈ ਕਿ ਪੰਜਾਬ ਨੂੰ ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਡਾ. ਬਲਬੀਰ ਸਿੰਘ ’ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਡਾ. ਗਾਂਧੀ ਨੇ ਕਿਹਾ ਕਿ ਇਸ ਬਾਰੇ ਉਸ ਕੋਲ ਕੋਈ ਪੱਕੇ ਸਬੂਤ ਨਹੀਂ ਹਨ ਪਰ ਆਪ ਸਰਕਾਰ ਦੇ ਕਈ ਸਾਰੇ ਮੰਤਰੀਆਂ ਤੇ ਹੋਰਾਂ ਨੇ ਭ੍ਰਿਸ਼ਟਾਚਾਰ ਵਿੱਚ ਹੱਥ ਰੰਗੇ ਹਨ, ਜਿਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਆਪ ਦੀ ਅਜੋਕੀ ਲੀਡਰਸ਼ਿਪ ਆਪਣੇ ਪੁਰਾਣੇ ਸਿਧਾਂਤਾਂ ਨੂੰ ਗਵਾ ਚੁੱਕੀ ਹੈ, ਹੁਣ ਉਹ ਵੀ ਆਮ ਪਾਰਟੀਆਂ ਵਰਗੀ ਹੀ ਪਾਰਟੀ ਹੋ ਗਈ ਹੈ, ਜਿਸ ਕਰਕੇ ਇਸ ਪਾਰਟੀ ਤੇ ਹੁਣ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਦ ਕਿ ਦੂਜੇ ਪਾਸੇ ਕਾਂਗਰਸ ਆਪਣੇ ਸਿਧਾਂਤਾਂ ’ਤੇ ਪੱਕੀ ਹੈ ਉਹ ਦੇਸ਼ ਦਾ ਸੰਵਿਧਾਨ ਬਚਾਉਣਾ ਚਾਹੁੰਦੀ ਹੈ, ਦੇਸ਼ ਵਿੱਚ ਧਰਮ ਨਿਰਪੱਖਤਾ ਦਾ ਬੋਲਬਾਲਾ ਕਰਨਾ ਚਾਹੁੰਦੀ ਹੈੈ। ਇਸ ਕਰਕੇ ਉਹ ਕਾਂਗਰਸ ਵਿਚ ਸ਼ਾਮਲ ਹੋਇਆ ਹੈ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ, ਪੰਜਾਬ ਕਾਂਗਰਸ ਦੇ ਬੁਲਾਰੇ ਹਰਵਿੰਦਰ ਸਿੰਘ ਨਿੱਪੀ ਆਦਿ ਹਾਜ਼ਰ ਸਨ।