ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਜੂਨ
ਯੂਪੀਐਸਸੀ ਵਿਚ ਕੌਮੀ ਪੱਧਰ ’ਤੇ ਤੀਜਾ ਰੈਂਕ ਹਾਸਲ ਕਰਕੇ ਆਈਏਐਸ ਬਣਨ ਵਾਲੀ ਗਾਮਿਨੀ ਸਿੰਗਲਾ ਪਟਿਆਲਾ ਦੇ ਕੋਚਿੰਗ ਸੈਂਟਰ ਵਿੱਦਿਆ ਸਾਗਰ ਸ਼ਾਸਤਰੀ ਮੈਮੋਰੀਅਲ ਵਿਚ ਆਪਣੇ ਪਰਿਵਾਰ ਸਮੇਤ ਪੁੱਜੀ। ਉਸ ਨੇ ਕਿਹਾ ਕਿ ਮੋਬਾਈਲ ਪੜ੍ਹਾਈ ਲਈ ਕ੍ਰਾਂਤੀ ਹੈ, ਜੇ ਵਿਦਿਆਰਥੀ ਇਸ ਨੂੰ ਸਿਰਫ਼ ਪੜ੍ਹਾਈ ਲਈ ਹੀ ਵਰਤੇ ਤਾਂ ਉਹ ਬੁਲੰਦੀਆਂ ਹਾਸਲ ਕਰ ਸਕਦਾ ਹੈ, ਨਹੀਂ ਤਾਂ ਮੋਬਾਈਲ ਜ਼ਿੰਦਗੀਆਂ ਬਰਬਾਦ ਵੀ ਕਰ ਦਿੰਦਾ ਹੈ। ਉਸ ਨੇ ਕਿਹਾ ਉਸ ਨੂੰ ਜਿੰਨਾ ਸਹਿਯੋਗ ਅਖ਼ਬਾਰਾਂ ਨੇ ਦਿੱਤਾ ਉਸ ਤੋਂ ਕਿਤੇ ਵੱਧ ਗੂਗਲ ਨੇ ਦਿੱਤਾ। 23 ਸਾਲਾ ਗਾਮਿਨੀ ਸਿੰਗਲਾ ਨੇ ਕਿਹਾ ਕਿ ਉਸ ਦੇ ਸਹਿਯੋਗੀ ਉਸ ਦੇ ਮਾਤਾ ਪਿਤਾ ਤੋਂ ਇਲਾਵਾ ਵਿੱਦਿਆ ਸਾਗਰ ਸ਼ਾਸਤਰੀ ਕੋਚਿੰਗ ਸੈਂਟਰ ਪਟਿਆਲਾ ਵੀ ਰਿਹਾ ਹੈ, ਉਸ ਨੇ ਕਿਹਾ ਕਿ ਜਦੋਂ ਉਹ ਇੱਥੇ ਕੋਚਿੰਗ ਲੈ ਰਹੀ ਸੀ ਤਾਂ ਉਸ ਨੂੰ ਆਪਣੇ ਪਰਿਵਾਰ ਵਾਂਗ ਹੀ ਮਾਹੌਲ ਮਿਲਦਾ ਸੀ। ਉਸ ਨੇ ਇੱਥੇ ਕੋਚਿੰਗ ਲੈ ਰਹੇ ਆਪਣੇ ਜੂਨੀਅਰਾਂ ਨਾਲ ਵੀ ਕੁਝ ਪਲ ਬਿਤਾਏ। ਇਸ ਮੌਕੇ ਸੈਂਟਰ ਦੇ ਮੁਖੀ ਵਿਨੋਦ ਸ਼ਰਮਾ ਨੇ ਕਿਹਾ ਕਿ ਪੜ੍ਹਨ ਵਿਚ ਢਿੱਲ ਮੱਠ ਕਰਨ ਵਾਲਾ ਵਿਦਿਆਰਥੀ ਆਪਣੀ ਮੰਜ਼ਿਲ ’ਤੇ ਨਹੀਂ ਪੁੱਜ ਸਕਦਾ।