ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਜਨਵਰੀ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿੱਕਲ ਗਿਆ ਹੈ। ਪ੍ਰਧਾਨ ਮੰਤਰੀ ਦਾ ਵਾਪਸ ਮੁੜਨਾ ਸਭ ਤੋਂ ਸ਼ਰਮਨਾਕ ਗੱਲ ਹੈ। ਸ੍ਰੀ ਰੱਖੜਾ ਅੱਜ ਇੱਥੇ ਖੁਸਰੋਪੁਰ, ਮੈਣ, ਸਵਾਜਪੁਰ ਪੁਰਾਣਾ, ਭਾਨਰੀ, ਭਾਨਰਾ, ਸ਼ੇਰਮਾਜਰਾ ਪਿੰਡਾਂ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਬੀਜੇਪੀ ਨੇ ਕਿਸਾਨਾਂ ਤੇ ਆਮ ਲੋਕਾਂ ’ਤੇ ਵੱਡਾ ਤਸੱਦਦ ਕੀਤਾ ਹੈ। ਸਵਾ ਸਾਲ ਤੱਕ ਕਿਸਾਨਾਂ ਨੂੰ ਸੜਕਾਂ ’ਤੇ ਰੋਲ ਕੇ ਰੱਖਿਆ, ਜਿਸ ਕਾਰਨ ਭਾਜਪਾ ਦੀ ਰੈਲੀ ਵਿੱਚ 500 ਤੋਂ ਵੱਧ ਬੰਦਾ ਨਹੀਂ ਪਹੁੰਚਿਆ ਅਤੇ ਭਾਜਪਾ ਦਾ ਇਸ ਰੈਲੀ ਤੋਂ ਬਾਅਦ ਪੰਜਾਬ ਵਿੱਚੋਂ ਸਰਵਨਾਸ਼ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਖ਼ਾਤਮੇ ਵੱਲ ਵਧ ਰਹੀਆਂ ਹਨ ਤੇ ਸੂਬੇ ਵਿੱਚ ਮੁੜ ਅਕਾਲੀ ਦਲ ਬਸਪਾ ਦੀ ਸਰਕਾਰ ਬਣੇਗੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਵਿੰਦਰ ਕੌਰ ਸਾਬਕਾ ਸਰਪੰਚ ਮੈਣ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਡਕਾਲਾ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਬਲਦੇਵ ਸਿੰਘ ਬਠੋਈ ਸਾਬਕਾ ਚੇਅਰਮੈਨ, ਗੁਰਧਿਆਨ ਸਿੰਘ ਭਾਨਰੀ ਬਹੁਜਨ ਸਮਾਜ ਪਾਰਟੀ ਆਦਿ ਹਾਜ਼ਰ ਸਨ। ਇਸੇ ਤਹਿਤ ਹਲਕਾ ਪਟਿਆਲਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿੱਟੂ ਚੱਠਾ ਨੇ ਵੀ ਅੱਜ ਜਨ ਸਭਾਵਾਂ ਕੀਤੀਆਂ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਾਉਣ ਲਈ ਲੋਕ ਕਾਹਲੇ ਹਨ।