ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 30 ਜਨਵਰੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਏ ਅਹਿਮ ਫ਼ੈਸਲੇ ’ਚ ਲਾਇਬ੍ਰੇਰੀ ’ਚੋਂ ਜਾਰੀ ਹੋਈਆਂ ਪੁਸਤਕਾਂ ’ਤੇ ਹੁਣ ਓਵਰ ਡਿਊ ਚਾਰਜਿਜ਼ ਚਾਰ ਗੁਣਾ ਵਧਾ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਜਿਹੇ ਫ਼ੈਸਲੇ ਨੂੰ ਚੁੱਪ-ਚੁਪੀਤੇ ਅੱਜ ਤੋਂ ਲਾਗੂ ਵੀ ਕਰ ਦਿੱਤਾ ਹੈ। ਵੇਰਵਿਆਂ ਮੁਤਾਬਕ ਪਹਿਲਾਂ ਓਵਰ ਡਿਊ ਚਾਰਜਿਜ਼ ਪ੍ਰਤੀ ਕਿਤਾਬ ਪ੍ਰਤੀ ਦਿਨ ਇੱਕ ਰੁਪਇਆ ਨਿਰਧਾਰਿਤ ਸੀ, ਜਿਸ ਨੂੰ ਵਧਾ ਕੇ ਹੁਣ ਪੰਜ ਰੁਪਏ ਕਰ ਦਿੱਤਾ ਹੈ। ਯੂਨੀਵਰਸਿਟੀ ਵੱਲੋਂ ਅੱਜ ਜਾਰੀ ਇੱਕ ਸਰਕੁਲਰ ਮੁਤਾਬਕ ਇਹ ਫ਼ੈਸਲਾ ਅੱਜ ਤੋਂ ਲਾਗੂ ਕਰ ਦਿੱਤਾ ਹੈ। ਇਸ ਸਬੰਧੀ ਆਫਿਸਿਟਿੰਗ ਲਾਇਬ੍ਰੇਰੀਅਨ ਗੁਰਜੋਤ ਕੌਰ ਨੇ ਭਾਵੇਂ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ ਅਧਿਕਾਰਤ ਤੌਰ ’ਤੇ ਇਸ ਫ਼ੈਸਲੇ ਸਬੰਧੀ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਹੜਾ ਵੱਖ ਵੱਖ ਵਿਭਾਗ ਮੁਖੀਆਂ ਨੂੰ ਵੀ ਭੇਜਿਆ ਗਿਆ ਹੈ। ਇਸ ਮਾਮਲੇ ਸਬੰਧੀ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਆਫਿਸਿਟਿੰਗ ਲਾਇਬ੍ਰੇਰੀਅਨ ਗੁਰਜੀਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਇਸਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ 1 ਅਤੇ 2 ਫਰਵਰੀ ਨੂੰ ਪੁਤਲਾ ਫੂਕ ਪ੍ਰਦਰਸ਼ਨ ਤੇ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ।