ਪੱਤਰ ਪ੍ਰੇਰਕ
ਸਮਾਣਾ, 5 ਅਪਰੈਲ
ਪਿੰਡ ਕਕਰਾਲਾ ਭਾਇਕਾ ’ਚ ਹੋ ਰਹੇ ਖਣਨ ਦੇ ਇਕ ਮਾਮਲੇ ’ਚ ਸਦਰ ਪੁਲੀਸ ਨੇ ਇਕ ਜੇ.ਸੀ.ਬੀ., ਤਿੰਨ ਟਰੈਕਟਰ-ਟਰਾਲੀਆਂ ਨੂੰ ਕਾਬੂ ਕਰਕੇ ਵਾਹਨ ਚਾਲਕ 4 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮੁਲਜ਼ਮਾਂ ’ਚ ਮੇਜਰ ਸਿੰਘ, ਬੂਟਾ ਸਿੰਘ ਨਿਵਾਸੀ ਕਕਰਾਲਾ ਭਾਇਕਾ, ਰਾਮਪਾਲ ਸਿੰਘ ਅਤੇ ਜਗਤਾਰ ਸਿੰਘ ਪਿੰਡ ਦੇਦਨਾ ਸ਼ਾਮਲ ਹਨ।
ਮਾਮਲੇ ਦੇ ਜਾਂਚ ਅਧਿਕਾਰ ਮਵੀ ਕਲਾਂ ਪੁਲੀਸ ਚੌਕੀ ਦੇ ਏ.ਐਸ.ਆਈ. ਹਰਬੰਸ ਸਿੰਘ ਸਰਾਓ ਨੇ ਦੱਸਿਆ ਕਿ ਖਣਨ ਵਿਭਾਗ ਮੰਡਲ ਪਟਿਆਲਾ ਦੇ ਇੰਸਪੈਕਟਰ ਰੁਕਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮਿਲੀ ਸੂਚਨਾ ਉਪਰੰਤ ਉਨ੍ਹਾਂ ਨੇ ਵਿਭਾਗ ਦੀ ਟੀਮ ਨਾਲ ਪਿੰਡ ਕਕਰਾਲਾ ਭਾਈਕਾ ’ਚ ਛਾਪਾ ਮਾਰਿਆ ਗਿਆ ਤੇ ਘਟਨਾ ਸਥਾਨ ’ਤੇ ਮਾਈਨਿੰਗ ਵਿਚ ਲੱਗੀ ਜੇਸੀਬੀ ਮਸ਼ੀਨ ਅਤੇ ਤਿੰਨ ਟਰੈਕਟਰ- ਟਰਾਲੀਆਂ ਬਰਾਮਦ ਕਰਕੇ ਆਪਣੇ ਕਬਜ਼ੇ ’ਚ ਲੈ ਲਿਆ। ਮਾਈਨਿੰਗ ਅਧਿਕਾਰੀ ਰੁਕਵਿੰਦਰ ਸਿੰਘ ਨੇ ਦੱਸਿਆ ਕਿ ਭੱਠਿਆਂ ਲਈ ਮਿੱਟੀ ਦੀ ਖੁਦਾਈ ਦੀ ਪਰਮਿਸ਼ਨ 31 ਮਾਰਚ ਤੱਕ ਦੀ ਸੀ। ਜਦੋਂ ਕਿ ਸਰਕਾਰੀ ਹਦਾਇਤਾਂ ਦੇ ਖਿਲਾਫ ਜ਼ਮੀਨ ਵਿਚ 4 ਤੋਂ 5 ਫੁੱਟ ਡੂੰਘੀ ਖੁਦਾਈ ਕੀਤੀ ਗਈ। ਖੁਦਾਈ ਕਰਨ ਵਾਲੇ ਇਸ ਸਬੰਧ ਵਿਚ ਸਰਕਾਰ ਵੱਲੋਂ ਮਿਲੀ ਕੋਈ ਪਰਮਿਸ਼ਨ ਨਹੀਂ ਵਿਖਾ ਸਕੇ। ਰੈਵੇਨਿਓ ਵਿਭਾਗ ਤੋਂ ਮਾਲ ਰਿਕਾਰਡ ਦੀ ਜਾਂਚ ਉਪਰੰਤ ਹੋਰ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।