ਖੇਤਰੀ ਪ੍ਰਤੀਨਿਧ
ਪਟਿਆਲਾ, 27 ਮਾਰਚ
ਇੱਥੇ ਰਾਜਪੁਰਾ ਰੋਡ ’ਤੇ ਅਰਬਨ ਅਸਟੇਟ ਚੌਕ ’ਚ ਲੋਕ ਨਿਰਮਾਣ ਵਿਭਾਗ ਵੱਲੋਂ ਕਾਰਜਕਾਰੀ ਇੰਜਨੀਅਰ (ਸਿਵਲ) ਐੱਸ.ਐੱਲ ਗਰਗ ਦੀ ਦੇਖ ਰੇਖ ਹੇਠਾਂ 60.97 ਕਰੋੜ ਰੁਪਏ ਦੀ ਲਾਗਤ ਨਾਲ਼ ਉਸਾਰੇ ਜਾ ਰਹੇ ਅਤਿ ਆਧੁਨਿਕ ਨਵੇਂ ਬੱਸ ਅੱਡੇ ਦੀ ਅੱਜ ਬੇਸਮੈਂਟ ਦੀ ਪਹਿਲੀ ਸਲੈਬ ਦਾ ਲੈਂਟਰ ਪਾਇਆ ਗਿਆ। ਇਸ ਸਲੈਬ ਦਾ ਕਵਰਡ ਏਰੀਆ 5000 ਵਰਗ ਫੁੱਟ ਹੈ। ਜਿਸ ਦੀ ਸ਼ੁਰੂਆਤ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਬੱਸ ਅੱਡੇ ਦੀ ਬਿਲਡਿੰਗ ਦੀ ਉਸਾਰੀ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਗੁਣਵੱਤਾ ਬਣਾਈ ਰੱਖਣ ਲਈ ਮੌਕੇ ’ਤੇ ਗੁਣਵੱਤਾ ਜਾਂਚ ਲਈ ਲੈਬ ਸਥਾਪਤ ਕੀਤੀ ਗਈ ਹੈ। ਚੇਅਰਮੈਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ 8.51 ਏਕੜ ਰਕਬੇ ’ਚ ਬਣਨ ਵਾਲੇ ਇਸ ਨਵੇਂ ਬੱਸ ਅੱਡੇ ਵਿਚ ਬੱਸਾਂ ਦੀ ਐਂਟਰੀ ਦੇ ਪੁਲ ਦਾ ਡਿਜ਼ਈਨ ਦਿੱਲੀ ਏਅਰਪੋਰਟ ਦੀ ਤਰਜ਼ ’ਤੇ ਬਣਾਇਆ ਜਾ ਰਿਹਾ ਹੈ। ਉਧਰ ਐਕਸੀਅਨ ਐੱਸ. ਐੱਲ ਗਰਗ ਦਾ ਕਹਿਣਾ ਸੀ ਕਿ ਪਹਿਲੀ ਮੰਜ਼ਿਲ ’ਤੇ ਸ਼ੋਅ ਰੂਮਜ਼, ਉਡੀਕ ਹਾਲ, ਫੂਡ ਕੋਰਟਸ, ਦੂਜੀ ਮੰਜ਼ਿਲ ’ਤੇ ਪ੍ਰਬੰਧਕੀ ਬਲਾਕ, ਕੈਸ਼ ਤੇ ਬਿਲ ਬਰਾਂਚ ਤੇ ਰਿਕਾਰਡ ਰੂਮ ਆਦਿ ਬਣਾਉਣ ਸਮੇਤ ਛੱਤ ’ਤੇ ਸੋਲਰ ਪੈਨਲ ਵੀ ਲੱਗਣਗੇ।