ਖੇਤਰੀ ਪ੍ਰਤੀਨਿਧ
ਪਟਿਆਲਾ, 24 ਮਈ
ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮਗਰੋਂ ਇਥੋਂ ਦੇ ਬਾਕੀ ਉੁਮੀਦਵਾਰਾਂ ਵੱਲੋਂ ਵੀ ਵੱਡੀਆਂ ਰੈਲੀਆਂ ਉਲੀਕੀਆਂ ਜਾਣ ਲੱਗੀਆਂ ਹਨ। ਭਾਵੇਂ ‘ਆਪ’ ਵੱਲੋਂ ਅਜਿਹਾ ਪ੍ਰੋਗਰਾਮ ਉਲੀਕਣਾ ਬਾਕੀ ਹੈ, ਪਰ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਵੱਡੀਆਂ ਰੈਲੀਆਂ ਉਲੀਕ ਲਈਆਂ ਗਈਆਂ ਹਨ। ਇਸ ਦੌਰਾਨ ਅਕਾਲੀ ਉਮੀਦਵਾਰ ਐਨ.ਕੇ ਸ਼ਰਮਾ ਦੇ ਹੱਕ ’ਚ 27 ਮਈ ਨੂੰ ਵੱਡੀ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਬਿੱਟੂ ਚੱਠਾ, ਸ਼ਹਿਰੀ ਹਲਕੇ ਦੇ ਇੰਚਾਰਜ ਅਮਰਿੰਦਰ ਬਜਾਜ ਤੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਨੇ ਦੱਸਿਆ ਕਿ 27 ਨੂੰ ਸਥਾਨਕ ਸ਼ਹਿਰ ਦੇ ਵੀਰ ਹਕੀਕਤ ਰਾਏ ’ਚ ਕੀਤੀ ਜਾਣ ਵਾਲੀ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਉਚੇਚੇ ਤੌਰ ’ਤੇ ਆਉਣਗੇ। ਇਸੇ ਦੌਰਾਨ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ’ਚ ਵੀ ਦੋ ਚੋਣ ਰੈਲੀਆਂ ਕਰਨ ਦਾ ਪਤਾ ਲੱਗਾ ਹੈ, ਜਿਸ ਦੌਰਾਨ 26 ਮਈ ਨੂੰ ਪ੍ਰਿਯੰਕਾ ਗਾਂਧੀ ਆਉਣਗੇ। ਉਂਜ ਇਸ ਮਗਰੋਂ ਰਾਹੁਲ ਗਾਂਧੀ ਵੱਲੋਂ ਵੀ ਡਾ. ਗਾਂਧੀ ਦੇ ਹੱਕ ’ਚ ਰੈਲੀ ਕਰਨ ਦੀ ਚਰਚਾ ਹੈ। ਭਾਵੇਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਵੱਲੋਂ ਅਜੇ ਤਾਰੀਖ ਨਹੀਂ ਮੁਕੱਰਰ ਕੀਤੀ ਗਈ, ਪਰ ਅਗਲੇ ਦਿਨੀਂ ਅਜਿਹੀ ਰੈਲੀ ਕਰਨੀ ਤੈਅ ਹੈ।