ਖੇਤਰੀ ਪ੍ਰਤੀਨਿਧ
ਪਟਿਆਲਾ, 20 ਸਤੰਬਰ
ਸਥਾਨਕ ਸੰਤ ਐਨਕਲੇਵ ’ਚ ਇਕੱਲੇ ਰਹਿੰਦੇ ਫ਼ੌਜ ਦੇ ਸੇਵਾਮੁਕਤ ਮੇਜਰ ਜਸਬੀਰ ਸਿੰਘ ਸੰਧੂ (70) ਦੇ ਕਤਲ ਦੀ ਗੁੱਥੀ ਪੁਲੀਸ ਨੇ ਸੁਲਝਾ ਲਈ ਹੈ। ਪੁਲੀਸ ਨੇ ਇਸ ਮਾਮਲੇ ’ਚ ਦੋ ਲੜਕੀਆਂ ਅਤੇ ਦੋ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਸਤਨਾਮ ਸਿੰਘ ਸੱਤਾ ਉਰਫ ਵਿੱਕੀ ਵਾਸੀ ਪਿੰਡ ਬਲਹੇੜੀ ਜ਼ਿਲ੍ਹਾ ਪਟਿਆਲਾ, ਉਸ ਦੀ ਜਾਣਕਾਰ ਲੜਕੀ ਸਿਮਰਨ ਉਰਫ ਪੂਰਵੀ ਵਾਸੀ ਡਿਫੈਂਸ ਕਾਲੋਨੀ ਪਟਿਆਲਾ, ਮਨਦੀਪ ਸਿੰਘ ਸੋਨੀ ਵਾਸੀ ਗਿੱਲ ਪੱਤੀ ਮਲੋਟ ਅਤੇ ਉਸ ਦੀ ਜਾਣਕਾਰ ਕਮਲ ਪੁੱਤਰੀ ਸੀਤਾ ਸਿੰਘ ਵਾਸੀ ਬੰਡਾਲਾ ਜ਼ਿਲ੍ਹਾ ਮੁਹਾਲੀ ਸ਼ਾਮਲ ਹਨ। ਥਾਣਾ ਪਸਿਆਣਾ ’ਚ ਐੱਸਐੱਚਓ ਵਜੋਂ ਤਾਇਨਾਤ ਟ੍ਰੇਨੀ ਡੀਐੱਸਪੀ ਨੇਹਾ ਅਗਰਵਾਲ ਅਤੇ ਕਾਊਂਟਰ ਟੈਰਰਿਸਟ ਵਿੰਗ ਪਟਿਆਲਾ ਦੇ ਇੰਚਾਰਜ ਰਾਹੁਲ ਕੌਸ਼ਲ ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਸਿਮਰਨ ਦੀ ਮਾਤਾ ਮੇਜਰ ਸੰਧੂ ਦੇ ਘਰ ਪਿਛਲੇ ਡੇਢ ਦਹਾਕੇ ਤੋਂ ਕੰਮ ਕਰਦੀ ਆ ਰਹੀ ਹੈ ਅਤੇ ਉਹ ਉਥੇ ਹੀ ਇੱਕ ਕਮਰੇ ਵਿੱਚ ਰਹਿੰਦੇ ਸਨ। ਮਾਂ ਨਾਲ ਝਗੜਾ ਹੋਣ ਕਾਰਨ ਪੂਰਵੀ ਆਪਣੇ ਜਾਣਕਾਰ ਵਿੱਕੀ ਦੇ ਨਾਲ ਮੁਹਾਲੀ ਸਥਿਤ ਪੀਜੀ ਵਿਚ ਰਹਿਣ ਲੱਗ ਪਈ ਸੀ, ਜਿੱਥੇ ਉਸ ਦੀ ਸੋਨੀ ਅਤੇ ਕਮਲ ਨਾਲ ਨੇੜਤਾ ਹੋ ਗਈ ਸੀ। ਚਾਰਾਂ ਨੂੰ ਪੈਸੇ ਦੀ ਲੋੜ ਸੀ ਅਤੇ ਉਨ੍ਹਾਂ 17/18 ਸਤੰਬਰ ਦੀ ਰਾਤ ਨੂੰ ਮੇਜਰ ਸੰਧੂ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਘਨੌਰ ਨੇੜੇ ਨਹਿਰ ਵਿਚ ਸੁੱਟ ਦਿੱਤੀ। ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।