ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ , 23 ਦਸੰਬਰ
ਯੂਰੀਆ ਖਾਦ ਨਾ ਮਿਲਣ ਕਾਰਨ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਇੱਥੋਂ ਦੇ ਰਾਜਪੁਰਾ-ਪਟਿਆਲਾ ਰੇਲ ਮਾਰਗ ਦੇ ਇਸਲਾਮਪੁਰ ਫਾਟਕ ਨੇੜੇ ਲੱਗੇ ਯੂਰੀਆ ਖਾਦ ਦੇ ਰੈਕ ਵਿੱਚੋਂ ਲੋਡ ਹੋ ਕੇ ਜਾ ਰਹੇ ਟਰੱਕਾਂ ਨੂੰ ਰੋਕ ਕੇ ਇੱਥੋਂ ਹੀ ਕਿਸਾਨਾਂ ਨੂੰ ਸਿੱਧੀ ਯੂਰੀਆ ਖਾਦ ਸਪਲਾਈ ਕਰਨ ਦੀ ਮੰਗ ਕੀਤੀ। ਦਿਨ ਭਰ ਕਿਸਾਨਾਂ ਤੇ ਅਧਿਕਾਰੀਆਂ ਵਿਚਕਾਰ ਜਦੋਂ ਗੱਲ ਕਿਸੇ ਕੰਢੇ ਨਾ ਲੱਗੀ ਤਾਂ ਕਿਸਾਨਾਂ ਨੇ ਰੇਲਵੇ ਟਰੈਕ ’ਤੇ ਧਰਨਾ ਲਾ ਦਿੱਤਾ। ਇਸ ਮਾਰਗ ’ਤੇ ਰੇਲ ਆਵਾਜਾਈ ਬੰਦ ਹੋ ਗਈ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ
ਜਾਣਕਾਰੀ ਅਨੁਸਾਰ ਇੱਥੇ ਲੱਗੇ 1300 ਟਨ ਯੂਰੀਆ ਖਾਦ ਦੇ ਰੈਕ ਵਿੱਚੋਂ 70 ਫੀਸਦੀ ਖਾਦ ਸਹਿਕਾਰੀ ਸਭਾਵਾਂ ਅਤੇ 30 ਫੀਸਦੀ ਪ੍ਰਾਈਵੇਟ ਡਿਸਟ੍ਰੀਬਿਊਟਰਾਂ ਨੂੰ ਦਿੱਤੀ ਜਾਣੀ ਸੀ ਪ੍ਰੰਤੂ ਰੈਕ ਲੱਗਣ ਦੀ ਖਬਰ ਮਿਲਦਿਆਂ ਸਾਰ ਸੈਂਕੜੇ ਕਿਸਾਨ ਰੈਕ ਵਾਲੀ ਥਾਂ ਪੁੱਜ ਗਏ ਅਤੇ ਉਨ੍ਹਾਂ ਨੇ ਲੋਡ ਕੀਤੇ ਖਾਦ ਦੇ ਟਰੱਕਾਂ ਨੂੰ ਰੋਕ ਲਿਆ। ਇਸ ਮੌਕੇ ਮੌਜੂਦ ਕਿਸਾਨ ਆਗੂ ਮਾਨ ਸਿੰਘ ਰਾਜਪੁਰਾ, ਮਨਜੀਤ ਸਿੰਘ ਘੁੰਮਾਣਾ, ਗੁਰਦੇਵ ਸਿੰਘ ਜੰਡੌਲੀ, ਦਵਿੰਦਰ ਸਿੰਘ ਕੋਹਲੇਮਾਜਰਾ, ਬਹਾਦਰ ਸਿੰਘ ਖੈਰਪੁਰ, ਬਲਕਾਰ ਸਿੰਘ ਢੀਂਡਸਾ, ਕਰਤਾਰ ਸਿੰਘ ਮੰਤਰੀ ਖਾਨਪੁਰ ਭੋਗਲਾਂ ਸਮੇਤ ਹੋਰਨਾਂ ਦਾ ਕਹਿਣਾ ਸੀ ਕਿ ਬਹੁਗਿਣਤੀ ਪ੍ਰਾਈਵੇਟ ਡਿਸਟ੍ਰੀਬਿਊਟਰ ਕਿਸਾਨਾਂ ਨੂੰ ਯੂਰੀਆ ਖਾਦ ਮਹਿੰਗੇ ਭਾਅ ਵੇਚਦੇ ਹਨ ਅਤੇ ਇਸ ਦੇ ਨਾਲ ਮਹਿੰਗੇ ਭਾਅ ਦੀ ਨਦੀਨਨਾਸ਼ਕ ਜਬਰੀ ਖਰੀਦਣ ਲਈ ਮਜਬੂਰ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਇੱਥੋਂ ਖਾਦ ਦੀ ਸਿੱਧੀ ਸਪਲਾਈ ਦਿੱਤੀ ਜਾਵੇ।
ਸ਼ਾਮ ਕਰੀਬ 7 ਵਜੇ ਐੱਸ.ਡੀ.ਐੱਮ. ਰਾਜਪੁਰਾ ਡਾ. ਸੰਜੀਵ ਕੁਮਾਰ, ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਗਰੇਵਾਲ, ਜ਼ਿਲ੍ਹਾ ਖਾਦ ਵੰਡ ਅਫਸਰ ਮੱਖਣ ਸਿੰਘ ਗਿੱਲ, ਖੇਤੀਬਾੜੀ ਅਫਸਰ ਨੀਤੂ ਰਾਣੀ ਸਮੇਤ ਹੋਰਨਾਂ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਪ੍ਰਾਈਵੇਟ ਡਿਸਟ੍ਰੀਬਿਊਟਰਾਂ ਰਾਹੀਂ ਵੇਚੀ ਜਾਣ ਵਾਲੀ ਯੂਰੀਆ ਖਾਦ ਰਾਜਪੁਰਾ ਖੇਤਰ ਦੇ ਕਿਸਾਨ ਨੂੰ 10-10 ਕੱਟੇ ਪ੍ਰਤੀ ਵਿਅਕਤੀ ਯੂਰੀਆ ਖਾਦ ਇੱਥੋਂ ਹੀ ਸਿੱਧੀ ਦਿੱਤੀ ਜਾਵੇਗੀ ਜਿਸ ’ਤੋ ਦੋਵੇਂ ਧਿਰਾਂ ਸਹਿਮਤ ਹੋ ਗਈਆਂ। ਇਸ ਦੀ ਪੁਸ਼ਟੀ ਕਰਦਿਆਂ ਐਸ.ਡੀ.ਐਮ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੇ ਰੇਲ ਟਰੈਕ ਤੋਂ ਧਰਨਾ ਚੁੱਕ ਦਿੱਤਾ ਹੈ।