ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੂਨ
ਝੋਨੇ ਦੀ ਲਵਾਈ ਲਈ ਸਰਕਾਰ ਵੱਲੋਂ ਨਿਰਧਾਰਿਤ 10 ਜੂਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਕਿਸਾਨਾਂ ਨੇ ਭਲਕ ਤੋਂ ਝੋਨਾ ਲਾਉਣ ਦੀਆਂ ਤਿਆਰੀਆਂ ਵਿੱਢਦਿਆਂ, ਅੱਜ ਹੀ ਖੇਤਾਂ ਵਿਚ ਪਾਣੀ ਛੱਡਦਿਆਂ ਵੱਟਾਂ ਬੰਨੇ ਸੰਵਾਰਨੇ ਸ਼ੁਰੂ ਕਰ ਦਿੱਤੇ ਹਨ। ਕੁਝ ਪਿੰਡਾਂ ਵਿੱਚ ਤਾਂ ਕੱਦੂ ਵੀ ਕੀਤਾ ਜਾ ਰਿਹਾ ਸੀ ਤਾਂ ਜੋ 10 ਜੂਨ ਨੂੰ ਸੂਰਜ ਦੀ ਟਿੱਕੀ ਨਿਕਲਦਿਆਂ ਸਾਰ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਸਕੇ। ਝੋਨੇ ਦੀ ਲਵਾਈ ਪਰਵਾਸੀ ਮਜ਼ਦੂਰਾਂ ’ਤੇ ਹੀ ਨਿਰਭਰ ਹੈ, ਪਰ ਐਤਕੀਂ ਲੱਖਾਂ ਮਜ਼ਦੂਰਾਂ ਦੇ ਪਿੱਤਰੀ ਰਾਜਾਂ ਨੂੰ ਮੁੜ ਜਾਣ ਕਾਰਨ ਲਵਾਈ ਦਾ ਦਾਰੋ-ਮਦਾਰ ਹੁਣ ਮੁਕਾਮੀ ਲੇਬਰ ’ਤੇ ਹੀ ਹੈ। ਰੇਟ ਸਬੰਧੀ ਰੇੜਕੇ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦਰਮਿਆਨ ਅਣਸੁਖਾਵੇਂ ਹਾਲਾਤ ਬਣਦੇ ਜਾ ਰਹੇ ਹਨ।
ਲੇਬਰ ਦੀ ਤੋਟ ਕਰਕੇ ਐਤਕੀਂ ਕਿਸਾਨਾਂ ਨੇ ਸੂਬੇ ’ਚ ਲੱਗਣ ਵਾਲੇ 29.30 ਲੱਖ ਹੈਕਟੇਅਰ ਰਕਬੇ ਵਿਚੋਂ 7 ਲੱਖ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਲਈ ਹੈ। ਅਜਿਹਾ ਰੁਝਾਨ ਕਈ ਪੱਖਾਂ ਤੋਂ ਸ਼ੁਭ ਸ਼ਗਨ ਮੰਨਿਆ ਜਾ ਰਿਹਾ ਹੈ। ਸਿੱਧੀ ਬਿਜਾਈ ਨਾਲ ਇੱਕ ਏਕੜ ਮਗਰ ਛੇ ਹਜ਼ਾਰ ਰੁਪਏ ਅਤੇ 30 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ ਤੇ ਝਾੜ ਵੀ ਪੂਰਾ ਨਿਕਲਦਾ ਹੈ। ਕਿਸਾਨਾਂ ਨੇ ਸਿੱਧੀ ਬਿਜਾਈ ਵਾਲੀਆਂ ਚਾਰ ਹਜ਼ਾਰ ਮਸ਼ੀਨਾਂ ਖ਼ਰੀਦ ਲਈਆਂ ਹਨ ਤੇ ਪ੍ਰਤੀ ਮਸ਼ੀਨ 70 ਤੋਂ 80 ਹਜ਼ਾਰ ਰੁਪਏ ਦੀ ਹੈ। ਕਿਸਾਨ ਆਗੂ ਜਗਮੋਹਣ ਸਿੰਘ ਪਟਿਆਲਾ ਦਾ ਕਹਿਣਾ ਹੈ ਕਿ ਮੋਟਰਾਂ ਦੇ ਸਵੈ-ਇੱਛੁਕ ਲੋਡ ਵਧਾਉਣ ਲਈ ਕਿਸਾਨਾਂ ਵੱਲੋਂ ਐਤਕੀਂ ਕਰੋੜਾਂ ਰੁਪਏ ਜਮ੍ਹਾਂ ਕਰਵਾਏ ਹੋਣ ਦੇ ਬਾਵਜੂਦ ਪਾਵਰਕੌਮ ਲੋਡ ਵਧਾਉਣ ’ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਚੇਅਰਮੈਨ ਸਮੇਤ ਦੋ ਮੈਂਬਰਾਂ ਦੇ ਸੇਵਾ ਮੁਕਤ ਹੋਣ ਸਮੇਤ ਹੋਰ ਪੱਖਾਂ ਨੂੰ ਲੈ ਕੇ ਐਤਕੀਂ ਬਿਜਲੀ ਪ੍ਰਬੰਧ ਊਣੇ ਰਹਿਣ ਦਾ ਖਦਸ਼ਾ ਹੈ।