ਗੁਰਨਾਮ ਸਿੰਘ ਚੌਹਾਨ
ਪਾਤੜਾਂ, 21 ਅਪਰੈਲ
ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਦਿੱਲੀ-ਜੰਮੂ ਕਟੜਾ ਐਕਸਪ੍ਰੈੱਸਵੇਅ ਦਾ ਸਬ-ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਖੇਤਰ ਵਿੱਚ ਕੰਮ ਸ਼ੁਰੂ ਕੀਤੇ ਜਾਣ ਦੌਰਾਨ ਘੱਗਾ ਨੇੜਲੇ ਪਿੰਡ ਬਰਾਸ ਵਿੱਚ ਕਬਜ਼ਾ ਲੈਣ ਆਏ ਹਾਈਵੇਅ ਅਥਾਰਿਟੀ ਦੇ ਠੇਕੇਦਾਰਾਂ ਨੂੰ ਘੱਗਾ ਬਰਾਸ ਅਤੇ ਸਿਹਾਲ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਹਿਯੋਗ ਨਾਲ ਖੇਤਾਂ ਵਿੱਚ ਕੰਮ ਕਰਨ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਪੁਲੀਸ ਦੇ ਦਖ਼ਲ ਨਾਲ ਖੇਤਾਂ ਵਿੱਚ ਆਈ ਮਸ਼ੀਨਰੀ ਪੁਲੀਸ ਥਾਣਾ ਘੱਗਾ ਵਿੱਚ ਬੁਲਾਈ ਗਈ। ਇਸ ਮਗਰੋਂ ਕਿਸਾਨਾਂ ਦੇ ਨਾਲ ਠੇਕੇਦਾਰਾਂ ਦੀ ਸਹਿਮਤੀ ਬਣਨ ’ਤੇ ਕਿ ਘੱਗਾ ਅਤੇ ਬਰਾਸ ਦੇ ਖੇਤਾਂ ’ਚ ਕਿਸਾਨੀ ਮਸਲਿਆਂ ਦੇ ਹੱਲ ਤੱਕ ਕੰਮ ਨਹੀਂ ਕੀਤਾ ਜਾਵੇਗਾ। ਇਸ ਮਗਰੋਂ ਮਸ਼ੀਨਰੀ ਵਾਪਸ ਭੇਜੀ ਗਈ।
ਐਕੂਆਇਰ ਕੀਤੀ ਗਈ ਜ਼ਮੀਨ ਦੇ ਮਾਲਕ ਕਿਸਾਨ ਲਖਵਿੰਦਰ ਸਿੰਘ ਬਰਾਸ, ਜਗਤਾਰ ਸਿੰਘ ਬਰਾਸ, ਰਣਜੀਤ ਸਿੰਘ ਬਰਾਸ, ਸਰਪੰਚ ਸਤਨਾਮ ਸਿੰਘ ਬਰਾਸ, ਪਰਗਟ ਸਿੰਘ ਬਰਾਸ ਤੋਂ ਇਲਾਵਾ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਐਕਸਪ੍ਰੈਸਵੇਅ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਦੀਆਂ ਵਧੇਰੇ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਕੰਮ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨਾਂ ਨੂੰ ਲੱਗਣ ਵਾਲੇ ਰਸਤਿਆਂ ਦੇ ਨਾਲ-ਨਾਲ ਕਿਸਾਨਾਂ ਦੇ ਖੇਤਾਂ ਵਿੱਚ ਆਉਦੇ ਦਰਖ਼ਤਾਂ, ਘਰਾਂ, ਟਿਊਬਵੈੱਲਾਂ ਅਤੇ ਬਾਗਾਂ ਦੇ ਮਿਲਣ ਵਾਲੇ ਮੁਆਵਜ਼ੇ ਦੀ ਵੰਡ ਨਹੀਂ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਕਿਸਾਨਾਂ ਨੂੰ ਮੁਆਵਜ਼ੇ ਦੀ ਪੂਰੀ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ ਉਹ ਕੰਮ ਨਹੀਂ ਚੱਲਣ ਦੇਣਗੇ।