ਖੇਤਰੀ ਪ੍ਰਤੀਨਿਧ
ਸਨੌਰ, 27 ਅਗਸਤ
ਇੱਕੋ ਥਾਂ ’ਤੇ ਸਥਿਤ ਅੱਧੀ ਦਰਜਨ ਦੇ ਕਰੀਬ ਗੁਦਾਮਾ ਤੋਂ ਪੈਦਾ ਹੁੰਦੀ ਸੁਸਰੀ ਤੋਂ ਪ੍ਰੇਸ਼ਾਨ ਹੋ ਕੇ ਇਨ੍ਹਾਂ ਗੁਦਾਮਾਂ ਦੇ ਬਾਹਰ ਪੱਕਾ ਮੋਰਚਾ ਲਾ ਕੇ ਬੈਠੇ ਸਨੌਰ ਨੇੜੇ ਪਿੰਡ ਲਲੀਨਾ ਵਾਸੀਆਂ ਦੇ ਇਸ ਸੰਘਰਸ਼ ਦੀ ਕਿਸਾਨ ਜਥੇਬੰਦੀਆਂ ਨੇ ਵੀ ਹਮਾਇਤ ਕੀਤੀ ਹੈ। ਇਸ ਦੌਰਾਨ ਇਲਾਕੇ ਦੇ ਕਿਸਾਨ ਆਗੂਆਂ ਨੇ ਬਾਕਾਇਦਾ ਧਰਨੇ ’ਚ ਆ ਕੇ ਸ਼ਿਰਕਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਇਸ ਮਸਲੇ ਦੇ ਸਥਾਈ ਹੱਲ ਦੀ ਮੰਗ ਕੀਤੀ।
ਹਫ਼ਤੇ ਤੋਂ ਜਾਰੀ ਇਸ ਧਰਨੇ ’ਚ ਮੁੱਖ ਤੌਰ ’ਤੇ ਕਰਨ ਸਿੰਘ ਟੋਨੀ, ਗੁਰਪ੍ਰੀਤ ਸਿੰਘ ਦੌਣਕਲਾਂ ਬਲਾਕ ਪ੍ਰਧਾਨ , ਮਲਕੀਤ ਸਿੰਘ ਗਾਂਧੀ, ਤਰਲੋਚਨ ਸਿੰਘ, ਹਰਮਦੀਪ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਸਵਰਨ ਸਿੰਘ ਨਲੀਨਾ, ਦਰਸ਼ਨ ਸਿੰਘ, ਗੁਰਮੇਜ ਸਿੰਘ, ਜਸਬੀਰ ਸਿੰਘ, ਦਲਜੀਤ ਸਿੰਘ, ਜਸਬੀਰ ਸਿੰਘ, ਦਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾ ਵੱਲੋਂ ਦਿੱਤੇ ਜਾ ਰਹੇ ਦਿਨ ਰਾਤ ਦੇ ਧਰਨੇ ’ਤੇ ਵੀ ਕਿਸੇ ਅਧਿਕਾਰੀ ਵਲੋਂ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੁੁਸਰੀ ਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ, ਤਾਂ ਐਤਕੀ ਉਹ ਇਨ੍ਹਾਂ ਗੁਦਾਮਾਂ ’ਚ ਅਨਾਜ ਨਹੀਂ ਭੰਡਾਰ ਕਰਨ ਦੇਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਗੁਦਾਮਾਂ ’ਚ ਸੁਸਰੀ ਨੂੰ ਮਾਰਨ ਲਈ ਲੋੜੀਂਦੀ ਸਪਰੇਅ ਅਤੇ ਹੋਰ ਦਵਾਈ ਆਦਿ ਨਾ ਪਾਈ ਜਾਣ ਕਰ ਕੇ ਸੁਸਰੀ ਦੇ ਪਿੰਡ ਵਾਸੀਆਂ ਦੇ ਘਰਾਂ ’ਚ ਢੇਰ ਲੱਗ ਜਾਂਦੇ ਹਨ। ਰੋਟੀ ਖਾਣੀ ਵੀ ਦੁੱਭਰ ਹੋ ਜਾਂਦੀ ਹੈ। ਰਾਤ ਨੂੰ ਸੌਣ ਲੱਗਿਆਂ, ਲੋਕਾਂ, ਖਾਸ ਕਰਕੇ ਬੱਚਿਆਂ ਦੇ ਕੰਨਾ ’ਚ ਰੂੰਈ ਦੇ ਫੋਹੇ ਪਾਉਣੇ ਪੈਂਦੇ ਹਨ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ, ਤਾਂ ਜਲਦੀ ਹੀ ਪਿੰਡ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਡੀਸੀ ਦਫਤਰ ਦਾ ਘਿਰਾਓ ਵੀ ਕੀਤਾ ਜਾਵੇਗਾ।