ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 15 ਦਸੰਬਰ
ਮੁਲਕ ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਆਏ ਇੱਥੋਂ ਦੇ ਵਾਰਡ ਨੰਬਰ-7 ਦੇ ਕਸਤੂਰਬਾ ਸੇਵਾ ਆਸ਼ਰਮ ਵਿੱਚ ਸੱਤ ਦਹਾਕੇ ਤੋਂ ਰਹਿ ਰਹੇ ਕਰੀਬ ਚਾਰ ਦਰਜਨ ਪਰਿਵਾਰ ਅਜੇ ਵੀ ਬੇਘਰੇ ਹਨ। ਇਹ ਆਪਣੇ ਘਰ ਦੀ ਛੱਤ ਉਡੀਕ ’ਚ ਖਸਤਾ ਹਾਲ ਕੁਆਰਟਰਾਂ ਵਿੱਚ ਸੀਵਰੇਜ, ਪੀਣ ਦੇ ਪਾਣੀ ਸਣੇ ਹੋਰਨਾਂ ਸਹੂਲਤਾਂ ਤੋਂ ਸੱਖਣੀ ਜ਼ਿੰਦਗੀ ਬਸਰ ਕਰ ਰਹੇ ਹਨ।
ਆਸ਼ਰਮ ਵਿੱਚ ਰਹਿ ਰਹੇ ਗਿਆਨਚੰਦ, ਸੂਰਜਭਾਨ, ਤਰਲੋਕ ਸਿੰਘ, ਬਲਜੀਤ ਕੌਰ, ਸ਼ੁਸ਼ੀਲ ਕੁਮਾਰ, ਅਨੀਤਾ ਰਾਣੀ, ਰਾਮ ਚੰਦ, ਤਰਲੋਕ ਸਿੰਘ, ਨੀਲਮ, ਪੰਕਜ ਕੁਮਾਰ, ਚੰਦਰਕਾਂਤਾ ਅਤੇ ਸਿਮਰਜੀਤ ਕੌਰ ਸਣੇ ਹੋਰਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਭੇਜ ਕੇ ਆਪਣੇ ਪਰਿਵਾਰਾਂ ਲਈ ਛੱਤ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਤੋਰਦੇ ਹਨ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਇਨ੍ਹਾਂ ਨੇ ਦੱਸਿਆ ਕਿ ਰਾਜਪੁਰਾ ਸ਼ਹਿਰ ਵਿੱਚ ਜਿਨ੍ਹਾਂ ਲੋਕਾਂ ਨੇ ਸਰਕਾਰੀ ਜਗ੍ਹਾ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ, ਉਨ੍ਹਾਂ ਨੂੰ ਮਾਲਕਾਨਾ ਹੱਕ ਦੇ ਦਿੱਤੇ ਗਏ ਹਨ। ਪਰ ਉਨ੍ਹਾਂ ਦੇ 45 ਪਰਿਵਾਰਾਂ ਨੂੰ ਮਾਲ ਅਤੇ ਮੁੜ ਵਸੇਬਾ ਮੰਤਰੀ ਦੇ ਐਲਾਨ ਦੇ ਬਾਵਜੂਦ ਅਜੇ ਤੱਕ ਘਰ ਨਸੀਬ ਨਹੀਂ ਹੋਏ। ਸਗੋਂ ਉਨ੍ਹਾਂ ਨੂੰ ਪਲਾਟ ਜਾਂ ਘਰ ਦੀ ਮੰਗ ਸਬੰਧੀ ਹਾਈ ਕੋਰਟ ਵਿੱਚ ਦਾਇਰ ਕੀਤਾ ਗਿਆ ਕੇਸ ਵਾਪਸ ਲੈਣ ਲਈ ਕਿਹਾ ਜਾ ਰਿਹਾ ਹੈ।
ਹੁਣ ਪੱਕੀ ਅਲਾਟਮੈਂਟ ਕੀਤੀ ਜਾਵੇਗੀ: ਸ਼ਾਸ਼ਤਰੀ
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਕਿਹਾ ਕਿ ਪੈਪਸੂ ਨਗਰ ਵਿਕਾਸ ਬੋਰਡ ਵੱਲੋਂ 4600 ਵਰਗ ਗਜ਼ ਜ਼ਮੀਨ ਜਿਥੇ ਕਿ ਇਹ 45 ਪਰਿਵਾਰ ਰਹਿ ਰਹੇ ਹਨ, ਨਗਰ ਕੌਂਸਲ ਦੇ ਨਾਂ ਤਬਦੀਲ ਕਰ ਦਿੱਤੀ ਗਈ ਹੈ। ਇਨ੍ਹਾਂ ਪਰਿਵਾਰਾਂ ਨੂੰ ਹੁਣ ਉਨ੍ਹਾਂ ਦੇ ਰਿਹਾਇਸ਼ੀ ਕੁਆਰਟਰਾਂ ਨੇੜੇ ਖਾਲੀ ਜ਼ਮੀਨ ਵਿੱਚੋਂ ਪੱਕੀ ਅਲਾਟਮੈਂਟ ਕਰ ਦਿੱਤੀ ਜਾਵੇਗੀ।