ਪੱਤਰ ਪ੍ਰੇਰਕ
ਪਟਿਆਲਾ, 12 ਅਪਰੈਲ
ਜ਼ਿਲ੍ਹਾ ਭਾਸ਼ਾ ਦਫ਼ਤਰ ਪਟਿਆਲਾ ਵੱਲੋਂ ਅੱਜ ਭਾਸ਼ਾ ਭਵਨ ਦੇ ਲੈਕਚਰ ਹਾਲ ਵਿਚ ਸ਼੍ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪ੍ਰੋ. ਕਿਰਪਾਲ ਕਜ਼ਾਕ ਨੇ ਕੀਤੀ। ਸਮਾਗਮ ਵਿੱਚ ਡਾ. ਮੋਹਨ ਤਿਆਗੀ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦਰਸ਼ਨ ਬੁੱਟਰ ਨੇ ਕਿਹਾ ਕਿ ਕਈ ਵਾਰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਲੇਖਕ ਦੀ ਕਲਮ ਨੂੰ ਤਾਕਤ ਦਿੰਦੀਆਂ ਹਨ। ਬੁੱਟਰ ਨੇ ਆਪਣੇ ਭਾਸ਼ਣ ਦੌਰਾਨ ਆਪਣੀ ਜ਼ਿੰਦਗੀ ਦੇ ਅਹਿਮ ਪੱਖਾਂ ਨੂੰ ਬੜੀ ਸੰਜੀਦਗੀ ਨਾਲ ਬਿਆਨ ਕੀਤਾ ਅਤੇ ਆਪਣੀਆਂ ਰਚਨਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਡਾ. ਮੋਹਨ ਤਿਆਗੀ ਨੇ ਡਾ. ਦਰਸ਼ਨ ਬੁੱਟਰ ਦੇ ਕਈ ਪੱਖ ਸਾਹਮਣੇ ਲਿਆਂਦੇ। ਪ੍ਰਧਾਨਗੀ ਭਾਸ਼ਣ ਵਿਚ ਡਾ. ਕਿਰਪਾਲ ਕਜ਼ਾਕ ਨੇ ਕਿਹਾ ਕਿ ਰੂ-ਬ-ਰੂ ਸਮਾਗਮ ਲੇਖਕ ਦੀਆਂ ਅੰਦਰਲੀਆਂ ਪਰਤਾਂ ਨੂੰ ਖੋਲ੍ਹ ਕੇ ਉਸ ਦੇ ਡੂੰਘੇ ਖ਼ਿਆਲਾਂ ਨੂੰ ਲੋਕਾਂ ਸਾਹਮਣੇ ਲਿਆਉਂਦੇ ਹਨ। ਵਿਭਾਗ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।