ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 26 ਅਗਸਤ
ਸੀਨੀਅਰ ਪੁਲਸ ਕਪਤਾਨ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਐਸ ਪੀ ਸਿਟੀ ਪਟਿਆਲਾ ਵਰੁਣ ਸ਼ਰਮਾ ਤੇ ਡੀ.ਐਸ.ਪੀ. ਦਿਹਾਤੀ ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਥਾਣਾ ਜੁਲਕਾਂ ਪੁਲੀਸ ਵਲੋਂ ਗਰੋਹ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਭੋਲੇ ਭਾਲੇ, ਲੋੜਵੰਦ ਵਿਅਕਤੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਗੁਰਦੁਆਰਾ ਜਾਂ ਮੰਦਰ ਵਿੱਚ ਵਿਆਹ ਦੀਆਂ ਰਸਮਾਂ ਕਰਨ ਉਪਰੰਤ ਲੜਕੀ ਨੂੰ ਲੜਕੇ ਘਰ ਭੇਜ ਦਿੰਦਾ ਸੀ ਤੇ ਲੜਕੇ ਘਰ ਗਈਆਂ ਵਹੁਟੀਆਂ ਉਨ੍ਹਾਂ ਦੇ ਘਰ ਵਿੱਚੋਂ ਸੋਨਾ, ਗਹਿਣਾ ਅਤੇ ਨਗਦੀ ਆਦਿ ਲੈ ਕੇ ਰਫੂ ਚੱਕਰ ਹੋ ਜਾਂਦੀਆਂ ਸਨ। ਇਸ ਗਰੋਹ ਵਲੋਂ ਭੋਲੇ ਭਾਲੇ ਲੜਕਿਆਂ ਨੂੰ ਦਾਜ ਦਹੇਜ ਤੇ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਉਨ੍ਹਾਂ ਪਾਸੋਂ ਮੋਟੀ ਰਕਮ ਵਸੂਲਣ ਸਬੰਧੀ ਵੀ ਸ਼ਿਕਾਇਤਾਂ ਮਿਲੀਆਂ ਸਨ। ਗ੍ਰਿਫਤਾਰ ਕੀਤੇ ਗਰੋਹ ਮੈਂਬਰਾਂ ਵਿੱਚ ਵੀਰਪਾਲ ਕੌਰ ਬਤੌਰ ਦੁਲਹਨ ਦਾ ਕੰਮ ਕਰਦੀ ਹੈ, ਜਿਸ ਵਲੋਂ ਹੁਣ ਤੱਕ ਵੱਖ ਵੱਖ ਅੱਠ ਫਰਜ਼ੀ ਵਿਆਹ ਕਰਵਾਉਣ ਸਬੰਧੀ ਦਸਤਾਵੇਜ਼ ਹਾਸਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਪੀੜਤ ਪਤੀ ਪ੍ਰਦੀਪ ਕੁਮਾਰ ਪੁੱਤਰ ਲੇਟ ਟੇਕ ਚੰਦ ਵਾਸੀ ਪੁੰਡਰੀ ਕੈਥਲ, ਦਰਸ਼ਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਰੈਹੜਾ ਜ਼ਿਲ੍ਹਾ ਕੈਥਲ, ਸੰਜੂ ਉਰਫ ਸੰਜੇ ਪੁੱਤਰ ਵਸ਼ਿਸ਼ਟ ਵਾਸੀ ਹਿਸਾਰ ਸ਼ਾਮਲ ਹਨ। ਇਸੇ ਦੌਰਾਨ ਊਮਾ ਪਤਨੀ ਰਿਸ਼ੀਪਾਲ ਵਾਸੀ ਪਾਬਲਾ ਥਾਣਾ ਡਾਂਡ ਜ਼ਿਲ੍ਹਾ ਕੈਥਲ ਅਤੇ ਪਰਮਜੀਤ ਕੌਰ ਵਾਸੀ ਪਟਿਆਲਾ ਵਿਚੋਲਣ ਵਜੋਂ ਕੰਮ ਕਰਦੇ ਸੀ।