ਪੱਤਰ ਪ੍ਰੇਰਕ
ਘਨੌਰ, 26 ਨਵੰਬਰ
ਇਥੇ ਯੂਨੀਵਰਸਿਟੀ ਕਾਲਜ ਘਨੌਰ ਵਿੱਚ ਕਾਲਜ ਵਿੱਚ ‘ਅਜੋਕੇ ਯੁੱਗ ਵਿੱਚ ਸਮਾਜਿਕ ਸਮਾਨਤਾ’ ਵਿਸ਼ੇ ’ਤੇ ਤਿੰਨ-ਰੋਜ਼ਾ ਕਮਲਾ ਭਸੀਨ ਯਾਦਗਾਰੀ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੀ ਪ੍ਰਸਿੱਧ ਲੇਖਿਕਾ ਅਤੇ ਪੱਤਰਕਾਰ ਨਿਰੂਪਮਾ ਦੱਤ ਨੇ ਕਿਹਾ ਕਿ ਮਰਿਆਦਾ, ਪਿੱਤਰ ਸੱਤਾ ਨੂੰ ਕਾਇਮ ਰੱਖਣ ਵਾਲਾ ਸੰਦ ਹੈ। ਉਨ੍ਹਾਂ ਅਨੁਸਾਰ ਹੋਸਟਲਾਂ ਦੀ ਤਾਲਾਬੰਦੀ ਅਤੇ ਸਮਾਂਬੰਦੀ ਖ਼ਿਲਾਫ਼ ਲੜਿਆ ਗਿਆ ਕੁੜੀਆਂ ਦਾ ਅੰਦੋਲਨ ਜਿੱਥੋਂ ਤੱਕ ਪਹੁੰਚਣਾ ਚਾਹੀਦਾ ਸੀ, ਉੱਥੋਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਆਪਣੀਆਂ ਕਵਿਤਾਵਾਂ ਵੀ ਵਿਦਿਆਰਥੀਆਂ ਨੂੰ ਸੁਣਾਈਆਂ। ਮੁੱਖ ਮਹਿਮਾਨ ਵਜੋਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸ਼ਿਰਕਤ ਕੀਤੀ। ਉਨ੍ਹਾਂ ਕਾਲਜ ਵਿੱਚ ਸ਼ਾਨਦਾਰ ਸਟੇਡੀਅਮ ਉਸਾਰੇ ਜਾਣ ਦੀ ਐਲਾਨ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਸੋਸ਼ਲ ਸਾਇੰਸ ਡਾ. ਹਰਵਿੰਦਰ ਕੌਰ ਨੇ ਕੀਤੀ। ਇਸ ਮੌਕੇ ਯੂਨੀਵਰਸਿਟੀ ਹੋਸਟਲਾਂ ਦੀ ਤਾਲਾਬੰਦੀ ਅਤੇ ਸਮਾਂਬੰਦੀ ਖ਼ਿਲਾਫ਼ ਲੜੇ ਗਏ ਕੁੜੀਆਂ ਦੇ ਅੰਦੋਲਨ ਨੂੰ ਇਤਿਹਾਸਬੱਧ ਕਰਦੀ ਡਾ. ਕਮਲੇਸ਼ ਦੁਆਰਾ ਸੰਵਾਦਿਤ ਪੁਸਤਕ ‘ਆਜ਼ਾਦੀ ਸੁਪਨੇ ਤੋਂ ਸੱਚ ਤੱਕ’ ਨਿਰੂਪਮਾ ਦੱਤ ਵੱਲੋਂ ਰਿਲੀਜ਼ ਕੀਤੀ ਗਈ।