ਖੇਤਰੀ ਪ੍ਰਤੀਨਿਧ
ਪਟਿਆਲਾ, 8 ਸਤੰਬਰ
ਪੰਜਾਬੀ ਯੂਨੀਵਰਸਿਟੀ ਵਿੱਚ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ‘ਸਿੱਖ ਧਰਮ ਵਿਸ਼ਵਕੋਸ਼’ ਦੇ ਪੰਜਾਬੀ ਰੂਪਾਂਤਰਣ ਦੇ ਚੌਥੇ ਭਾਗ ਦਾ ਖਰੜਾ ਸੌਂਪਿਆ ਗਿਆ। ਮੂਲ ਰੂਪ ਵਿਚ ਇਹ ਕਾਰਜ ਪ੍ਰੋ. ਹਰਬੰਸ ਸਿੰਘ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ‘ਦਿ ਐਨਸਾਈਕਲੋਪੀਡੀਆ ਆਫ਼ ਸਿਖਿਜ਼ਮ’ ਸਿਰਲੇਖ ਅਧੀਨ ਚਾਰ ਭਾਗਾਂ ਵਿੱਚ ਤਿਆਰ ਕੀਤਾ ਗਿਆ ਸੀ ਜਿਸ ਦੇ ਪੰਜਾਬੀ ਰੂਪਾਂਤਰਣ ਦਾ ਕਾਰਜ ਪ੍ਰੋ. ਹਰਬੰਸ ਸਿੰਘ ਦੇ ਨਾਮ ਉੱਤੇ ਸਥਾਪਿਤ ਕੀਤੇ ਗਏ ਸਿੱਖ ਵਿਸ਼ਵਕੋਸ਼ ਵਿਭਾਗ ਨੂੰ ਸੌਂਪਿਆ ਗਿਆ ਸੀ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਸੰਭਾਲੀ ਸੀ, ਉਸ ਸਮੇਂ ਸਿੱਖ ਧਰਮ ਵਿਸ਼ਵਕੋਸ਼ ਦੇ ਤਿੰਨ ਭਾਗ ਪ੍ਰਕਾਸ਼ਿਤ ਹੋ ਚੁੱਕੇ ਸਨ। ਇਸ ਦੇ ਮੁੱਖ ਸੰਪਾਦਕ ਡਾ. ਜੋਧ ਸਿੰਘ ਸਿਹਤ ਠੀਕ ਨਾ ਹੋਣ ਕਰਕੇ ਅਸਤੀਫ਼ਾ ਦੇ ਚੁੱਕੇ ਸਨ ਜਿਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਸਿੱਖ ਧਰਮ ਵਿਸ਼ਵਕੋਸ਼ ਦੇ ਕੰਮ ਵਿੱਚ ਖੜ੍ਹੋਤ ਆ ਗਈ ਸੀ। ਇਸ ਕਾਰਜ ਨੂੰ ਅੱਗੇ ਚਲਾਉਣ ਲਈ ਵਿਭਾਗ ਵਿੱਚ ਕਾਰਜ ਕਰ ਰਹੇ ਡਾ. ਪਰਮਵੀਰ ਸਿੰਘ ਨੂੰ ਇਹ ਜ਼ਿੰਮੇਂਵਾਰੀ ਸੌਂਪੀ ਗਈ ਜਿਨ੍ਹਾਂ ਨੇ ਇਹ ਕਾਰਜ ਨਿਰਧਾਰਤ ਸਮੇਂ ਵਿੱਚ ਸੰਪੂਰਨ ਕਰ ਲਿਆ।
ਇਸ ਮੌਕੇ ਮੁੱਖ ਸੰਪਾਦਕ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ 1970 ਵਿਚ ਵਿਭਾਗ ਦੀ ਸੇਵਾ ਸੰਭਾਲਣ ਉਪਰੰਤ ਪ੍ਰੋ. ਹਰਬੰਸ ਸਿੰਘ ਨੇ ਅੰਗਰੇਜ਼ੀ ਭਾਸ਼ਾ ਵਿਚ ‘ਦਿ ਐਨਸਾਈਕਲੋਪੀਡੀਆ ਆਫ਼ ਸਿਖਿਜ਼ਮ’ ਤਿਆਰ ਕਰਨ ਦਾ ਪ੍ਰਾਜੈਕਟ ਆਰੰਭ ਕੀਤਾ ਸੀ ਅਤੇ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਲਗਾਇਆ। 1992-1998 ਤੱਕ ਇਹ ਇਨਸਾਈਕਲੋਪੀਡੀਆ ਚਾਰ ਭਾਗਾਂ ਵਿੱਚ ਛਪ ਕੇ ਤਿਆਰ ਹੋ ਗਿਆ ਸੀ ਅਤੇ ਫਿਰ ਇਹ ਮਹਿਸੂਸ ਕੀਤਾ ਗਿਆ ਕਿ ਇਸ ਦਾ ਪੰਜਾਬੀ ਰੂਪਾਂਤਰਣ ਤਿਆਰ ਕੀਤਾ ਜਾਵੇ। ਅਗਸਤ 2021 ਵਿਚ ਜਦੋਂ ਇਸ ਕਾਰਜ ਨੂੰ ਸੰਪੂਰਨ ਕਰਨ ਦੀ ਜ਼ਿੰਮੇਵਾਰੀ ਮਿਲੀ ਤਾਂ ਵਿਭਾਗ ਵਿੱਚ ਕਾਰਜ ਕਰ ਰਹੇ ਸਟਾਫ਼ ਦੀ ਸਹਾਇਤਾ ਨਾਲ ਇਸ ਕਾਰਜ ਨੂੰ ਤੇਜ਼ੀ ਨਾਲ ਸੰਪੂਰਨ ਕਰਨ ਦਾ ਯਤਨ ਕੀਤਾ ਗਿਆ।