ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਜੁਲਾਈ
ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਕੀਤੇ ਜਾਣ ਵਾਲ਼ੇ ਮੁਲਾਜ਼ਮਾਂ ’ਤੇ ਕੇਂਦਰ ਸਰਕਾਰ ਵਾਲੇ ਤਨਖਾਹ ਸਕੇਲ ਅਪਣਾਉਣ ਅਤੇ ਜਲ ਸਰੋਤ ਵਿਭਾਗ ਦੇ ਪੁਨਰ ਗਠਿਨ ਦੇ ਨਾਂ ’ਤੇ ਹਜ਼ਾਰਾਂ ਅਸਾਮੀਆਂ ਖਤਮ ਕਰਨ ਸਮੇਤ ਹੋਰ ਮੁਲਾਜ਼ਮ ਵਿਰੋਧੀ ਮੱਦਾਂ ਨੂੰ ਲੈ ਕੇ ਮਨਾਏ ਜਾ ਰਹੇ ਰੋਸ ਹਫਤੇ ਦੇ ਤੀਜੇ ਦਿਨ ਵੀ ਘੜੇ ਭੰਨ ਰੈਲੀਆਂ ਅਤੇ ਹੋਰ ਪ੍ਰਦਰਸ਼ਨ ਕੀਤੇ ਗਏ।
ਦੀ ਫੋਰਥ ਕਲਾਸ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠਾਂ ਡੀਸੀ ਦਫ਼ਤਰ ਦੇ ਬਾਹਰ ਸਰਕਾਰ ਵਿਰੁੱਧ ਘੜਾ ਭੰਨ ਰੈਲੀ ਕੀਤੀ ਗਈ। ਇਸ ਮੌਕੇ ਬਲਜਿੰਦਰ ਸਿੰਘ, ਕਰਨੈਲ ਚੰਦ, ਸੁਭਾਸ਼, ਪ੍ਰਕਾਸ਼ ਸਿੰਘ ਲੁਬਾਣਾ, ਬੰਸੀ ਲਾਲ, ਕਰਮਜੀਤ ਕਰਮਾ, ਬਲਬੀਰ ਸਿੰਘ, ਹਰਬੰਸ ਸਿੰਘ, ਕਰਮਜੀਤ ਟਿੱਕਾ, ਕਮਲ, ਜਰਨੈਲ ਸਿੰਘ ਅਤੇ ਬਲਵਿੰਦਰ ਕੌਰ ਆਦਿ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਵਿਧਾਨ ਸਭਾ ’ਚ ਰੈਗੂਲਾਈਜੇਸ਼ਨ ਨਿਯਮ 2016 ਪਾਸ ਹੋਣ ਦੇ ਬਾਵਜੂਦ ਦਿਹਾੜੀਦਾਰ, ਟੈਂਪਰੇਰੀ, ਐਡਹਾਕ, ਵਰਕਚਾਰਜ, ਕੰਟਰੈਕਟ ਅਤੇ ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ ਨਹੀਂ ਕੀਤੀਆਂ ਜਾ ਰਹੀਆਂ। ਕੋਰਟ ਦੇ ਫੈਸਲੇ ਦੇ ਬਾਵਜੂਦ ਕੰਮ ਬਰਾਬਰ ਤਨਖ਼ਾਹਾਂ ਨਹੀਂ ਦਿੱਤੀ ਜਾ ਰਹੀ। ਨਾ ਸਿਰਫ਼ ਠੇਕੇਦਾਰ, ਬਲਕਿ ਸਰਕਾਰ ਵੀ ਵਰ੍ਹਿਆਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਲੈ ਕੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀ ਆ ਰਹੀ ਹੈ। ਉਪਰੋਂ ਤਨਖਾਹ ਸਕੇਲਾਂ ਸਬੰਧੀ ਤੁਗਲਕੀ ਫਰਮਾਨ ਜਾਰੀ ਕਰ ਦਿੱਤੇ ਗਏ ਹਨ।
ਇਸੇ ਤਰ੍ਹਾਂ ਸਿੰਚਾਈ ਕਾਮਿਆਂ ਨੇ ਪੀ.ਡਬਲਿਯੂ.ਡੀ.ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਝੰਡੇ ਹੇਠ ਜ਼ੋਨ ਪ੍ਰਧਾਨ ਜਸਵੀਰ ਸਿੰਘ ਖੋਖਰ ਦੀ ਅਗਵਾਈ ਹੇਠਾਂ ਬੀ.ਐਮ.ਐਲ ਕੰਪਲੈਕਸ ਵਿੱਚ ਘੜੇ ਭੰਨ ਰੈਲੀ ਕੀਤੀ ਗਈ। ਜਿਸ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਛੱਜੂ ਰਾਮ, ਸੁਲੱਖਣ ਸਿੰਘ, ਲਖਵਿੰਦਰ ਘਨੌਰ, ਰਾਜਿੰਦਰ ਧਾਲੀਵਾਲ, ਰਾਮਪਾਲ ਸੰਗਰੂਰ, ਕਰਮ ਸਿੰਘ ਰੋਹਟੀ ਆਦਿ ਵੀ ਮੌਜੂਦ ਸਨ। ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਤਨਖਾਹ ਸਕੇਲ ਅਪਣਾਓਣ ਤੇ ਜਲ ਸਰੋਤ ਵਿਭਾਗ ਦੀਆਂ ਨੌਂ ਹਜ਼ਾਰ ਅਸਾਮੀਆਂ ਖਤਮ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਿਰਵੇ ਕਰਨਾ ਹੀ ਸਰਕਾਰ ਦਾ ਮੁੱਖ ਨਿਸ਼ਾਨਾ ਹੈ ਪਰ ਅਜਿਹੀਆਂ ਮਨਮਾਨੀਆਂ ਨਹੀਂ ਚੱਲਣਗੀਆਂ। ਇਸ ਮੌਕੇ ਜਸਵੀਰ ਖੋਖਰ, ਪਵਨ ਕੁਮਾਰ, ਗੁਰਮੀਤ ਪਟਿਆਲਾ, ਕੁਲਦੀਪ ਘੱਗਾ, ਹਰਦੇਵ ਸਿੰਘ ਸਮਾਣਾ ਅਤੇ ਦਵਿੰਦਰ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।
ਉਧਰ, ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਖੁਸ਼ਿਵੰਦਰ ਕਪਿਲਾ, ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ, ਗੁਰਮੀਤ ਵਾਲੀਆ ਅਤੇ ਨਛੱਤਰ ਸਿੰਘ ਭਾਈਰੂਪਾ ਸਮੇਤ ਮੁਲਾਜ਼ਮ ਆਗੂ ਅਮਰੀਕ ਸਿੰਘ ਬੰਗੜ, ਸੁਰਿੰਦਰ ਫਰੀਦਪੁਰ, ਸਵਰਨ ਸਿੰੰਘ ਬੰਗਾ, ਕਰਮਜੀਤ ਭਗੜਾਣਾ, ਜਤਿਨ ਕੰਬੋਜ, ਅਨੂਪ ਸਿੰਘ, ਸਵਰਤ ਸ਼ਰਮਾ, ਅਮਰਿੰਦਰ ਸੌਜਾ, ਸੰਦੀਪ ਕੌਰ ਬਰਨਾਲ਼ਾ, ਭੁਪਿੰਦਰਪਾਲ ਕੌਰ, ਜਸਪਾਲ ਕਾਮੀ, ਸਤਨਾਮ ਕੰਬੋਜ, ਬਲਦੇਵ ਮਿਰਜਾਪੁਰ ਆਦਿ ਨੇ ਵੱਖੋ ਵੱਖਰੇ ਬਿਆਨਾਂ ਰਾਹੀਂ ਸਰਕਾਰ ਦੇ ਅਜਿਹੇ ਫੈਸਲਿਆਂ ਦੀ ਸਖ਼ਤ ਨਿੰਦਾ ਕੀਤੀ।
ਮਹਿੰਦਰਾ ਕਾਲਜ ਦੇ ਗੇਟ ਅੱਗੇ ਘੜੇ ਭੰਨ ਕੇ ਰੋਸ ਮੁਜ਼ਾਹਰਾ
ਪਟਿਆਲਾ (ਰਵੇਲ ਸਿੰਘ ਭਿੰਡਰ) ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਚੌਥਾ ਦਰਜਾ ਕਰਮਚਾਰੀਆਂ ਵੱਲੋਂ ਅਤੇ ਕੰਟਰੈਕਟ ਤੇ ਦਿਹਾੜੀਦਾਰ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਅਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ, ਵਿਭਾਗਾਂ ਦੀਆਂ ਅਸਾਮੀਆਂ ਖਤਮ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਾ ਕਰਨ, ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਨਾ ਕਰਨ ਅਤੇ ਕੰਟਰੈਕਟ/ ਆਊਟਸੋਰਸ ਅਤੇ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਨਾ ਕਰਨ ਵਰਗੇ ਮੁੱਦਿਆਂ ਨੂੰ ਲੈ ਕੇ ਕਾਲਜ ਦੇ ਮੁੱਖ ਗੇਟ ਅੱਗੇ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਗੇਟ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦੇ ਕਥਿਤ ਪਾਪਾਂ ਦੇ ਘੜੇ ਭੰਨੇ ਗਏ। ਇਸ ਰੋਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਗਈ ਕਿ ਨਵੀਂ ਭਰਤੀ ਪੰਜਾਬ ਦੇ ਸਕੇਲਾਂ ਤੇ ਕੀਤੀ ਜਾਵੇ। ਵਿਭਾਗਾ ਨੂੰ ਤੋੜਨ ਦੇ ਫੈਸਲੇ ਵਾਪਿਸ ਲਏ ਜਾਣ, ਨਵੀਂ ਭਰਤੀ ਪੰਜਾਬ ਦੇ ਰੈਗੂਲਰ ਤਨਖਾਹ ਸਕੇਲਾਂ ਤੇ ਕੀਤੀ ਜਾਵੇ ਆਦਿ ਮੰਗਾਂ ਸ਼ਾਮਲ ਸਨ। ਇਸ ਦੌਰਾਨ ਟੀ.ਬੀ. ਹਸਪਤਾਲ ਦੇ ਮੁਲਾਜਮਾਂ ਵੱਲੋਂ ਹਸਪਤਾਲ ਗੇਟ ਅੱਗੇ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਘੜੇ ਭੰਨੇ ਗਏ ਅਤੇ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੀ ਭਰਤੀ ਪੰਜਾਬ ਦੇ ਸਕੇਲਾਂ ਤੇ ਕੀਤੀ ਜਾਵੇ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਭਰਤੀ ਪ੍ਰਕਿਰਿਆ ਖੋਜ ਮੈਡੀਕਲ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਜਾਵੇ ਅਤੇ ਕੰਟਰੈਕਟ ਕਾਮੇ ਰੈਗੂਲਰ ਕੀਤੇ ਜਾਣ।