ਪਟਿਆਲਾ: ਯੂਨੀਵਰਸਲ ਵੈੱਲਫੇਅਰ ਕਲੱਬ ਪੰਜਾਬ ਵੱਲੋਂ ‘ਮਿਸ਼ਨ ਲਾਲੀ ਤੇ ਹਰਿਆਲੀ’ ਤਹਿਤ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਲਾਏ ਗਏ ਕੈਂਪ ਦੌਰਾਨ 15 ਵਾਲੰਟੀਅਰਾਂ ਨੇ ਖੂਨਦਾਨ ਕੀਤਾ। ਕੈਂਪ ਦਾ ਰਸਮੀ ਉਦਘਾਟਨ ਪਟਿਆਲਾ ਦੇ ਡੀ.ਐੱਸ.ਪੀ. ਚੰਦ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਖੁਦ ਖੂਨਦਾਨ ਕਰਕੇ ਕੀਤਾ। ਲਖਵੀਰ ਸਿੰਘ ਖੂਹਟੀ ਛੰਨਾ ਦੀ ਅਗਵਾਈ ਹੇਠਲੇ ਇਸ ਕੈਂਪ ’ਚ ਖੂਨ ਇਕੱਤਰ ਕਰਨ ਲਈ ਬਲੱੱਡ ਬੈਂਕ ਵੱਲੋਂ ਡਾਕਟਰ ਹੀਨਾ ਦੀ ਅਗਵਾਈ ਹੇਠਲੀ ਟੀਮ ਪੁੱਜੀ ਹੋਈ ਸੀ। ਸੰਸਥਾ ਦੇ ਮੁਖੀ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਇਸ ਦੌਰਾਨ ਖੂਨਦਾਨ ਕਰਨ ਵਾਲੇ ਬਾਕੀ ਵਾਲੰਟੀਅਰਾਂ ਵਿਚ ਸੁਰਿੰਦਰ ਸਿੰਘ ਅਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਇੰਦਰਜੀਤ ਸਿੰਘ, ਭੁਪਿੰਦਰ ਸਿੰਘ ਤੇ ਤਰੁਨਜੀਤ ਸਿੰਘ ਨੇ ਇਕੱਠਿਆਂ ਹੀ ਖੂਨਦਾਨ ਕੀਤਾ ਹੈ। ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਡੀ.ਐੱਸ.ਪੀ. ਚੰਦ ਸਿੰਘ ਨੇ ਜਿਥੇ ਮਿਸ਼ਨ ਲਾਲੀ ਤੇ ਹਰਿਆਲੀ ਵੱਲੋਂ ਲੰਬੇ ਸਮੇਂ ਤੋਂ ਖੂਨਦਾਨ ਕੈਂਪ ਲਾਉਣ ਦੀ ਨਿਭਾਈ ਜਾ ਰਹੀ ਭੂਮਿਕਾ ਲਈ ਸੰਸਥਾ ਦੇ ਮੁਖੀ ਹਰਦੀਪ ਸਨੌਰ ਅਤੇ ਟੀਮ ਦੀ ਸ਼ਲਾਘਾ ਕੀਤੀ, ਉਥੇ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ। -ਖੇਤਰੀ ਪ੍ਰਤੀਨਿਧ