ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਗਸਤ
ਪੰਜਾਬ ਦੇ ਕਿਰਤੀਆਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ‘ਡਾ.ਅੰਬੇਡਕਰ ਕਿਰਤੀ ਮਜ਼ਦੂਰ ਯੂਨੀਅਨ ਪੰਜਾਬ’ ਦਾ ਗਠਨ ਕੀਤਾ ਗਿਆ ਹੈ। ਇਸ ਦੌਰਾਨ ਮਜ਼ਲੂਮਾਂ ਦੇ ਹਿੱਤਾਂ ਲਈ ਜਦੋ ਜਹਿਦ ਕਰਦੇ ਆ ਰਹੇ ਪੜ੍ਹੇ ਲਿਖੇ ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਸੂਬਾਈ ਪ੍ਰਧਾਨ ਬਣਾਇਆ ਗਿਆ। ਕੁਲਵੰਤ ਸਿੰਘ ਸਰੋਏ ਜਨਰਲ ਸਕੱਤਰ, ਰਾਜਿੰਦਰ ਸਿੰਘ ਬੰਟੀ ਮੀਤ ਪ੍ਰਧਾਨ, ਜਗਦੀਸ਼ ਲਾਲ ਘਨੌਰ ਸਕੱਤਰ, ਸੁਖਵਿੰਦਰ ਸਿੰਘ ਗੁਰੂ ਜੁਆਇੰਟ ਸਕੱਤਰ, ਕੁਲਵੰਤ ਸਿੰਘ ਨਾਭਾ ਵਿੱਤ ਸਕੱਤਰ ਅਤੇ ਬਿਕਰਮਜੀਤ ਸਿੰਘ ਫਤਹਿਗੜ੍ਹ ਸਾਹਿਬ ਪ੍ਰੈੱਸ ਸਕੱਤਰ ਹੋਣਗੇ। ਜਦਕਿ ਸਰਦਾਰਾ ਸਿੰਘ ਗੱਜੂਮਾਜਰਾ ਅਤੇ ਇੰਦਰਜੀਤ ਸਿੰਘ ਮਾਨਸਾ ਨੂੰ ਐਗਜ਼ੀਕਿਊਟਿਵ ਮੈਂਬਰ ਬਣਾਇਆ ਗਿਆ ਹੈ। ਜਤਿੰਦਰ ਮੱਟੂ ਦਾ ਕਹਿਣਾ ਸੀ ਕਿ ਹਕੂਮਤਾਂ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਸੰਜੀਦਾ ਨਹੀਂ ਰਹੀਆਂ। ਇਸ ਕਾਰਨ ਹੀ ਮਜ਼ਦੂਰ ਵਰਗ ਗੁਰਬਤ ਭਰੀ ਜ਼ਿੰਦਗੀ ਜਿਓਣ ਲਈ ਮਜਬੂਰ ਹੈ। ਮਜ਼ਦੂਰਾਂ ਨਾਲ ਧੱਕੇਸ਼ਾਹੀਆਂ ਦਾ ਪ੍ਰਕੋਪ ਜਾਰੀ ਹੈ। ਮਜ਼ਦੂਰਾਂ ਦਾ ਮਿਹਨਤਾਨਾ ਨਹੀਂ ਵਧਾਇਆ ਗਿਆ। ਭੱਠਾ ਮਜ਼ਦੂਰ ਬਣਦੀਆਂ ਸਹੂਲਤਾਂ ਤੋਂ ਵਾਂਝੇ ਹਨ। ਇਸ ਕਰਕੇ ਹੀ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਇਹ ਜਥੇਬੰਦੀ ਗਠਿਤ ਕੀਤੀ ਹੈ।