ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 27 ਅਕਤੂਬਰ
ਇੱਥੇ ਸੁਖਜਿੰਦਰ ਸਿੰਘ ਸੁੱਖੀ ਵੱਲੋਂ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਕਾਰਕੁਨਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਬੀਤੇ 27 ਫਰਵਰੀ 2021 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਹੋਈ ਬੇਅਦਬੀ ਮਾਮਲੇ ਵਿਚ ਰਾਜਪੁਰਾ ਪੁਲੀਸ ਤੇ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਗਈ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਜੈ ਭੀਮ ਮੰਚ ਦਾ ਗਠਨ ਕੀਤਾ ਗਿਆ। ਪ੍ਰੈੱਸ ਵਾਰਤਾ ਦੌਰਾਨ ਸੁਖੀ ਨੇ ਦੱਸਿਆ ਕਿ ਇਹ ਮੰਚ ਦੀ ਸਥਾਪਨਾ ਕੇਵਲ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਹੋਈ ਬੇਅਦਬੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਆਈ.ਟੀ.ਆਈ. ਚੌਕ ’ਤੇ ਲੱਗੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਪਹਿਲਾਂ 15 ਸਤੰਬਰ 2019 ਨੂੰ ਅਤੇ ਫਿਰ 27 ਫਰਵਰੀ 2021 ਨੂੰ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੀ ਗਈ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਰਾਜਪੁਰਾ ਵਿਚ ਵਾਰ ਵਾਰ ਇਸ ਤਰ੍ਹਾਂ ਦੀ ਬੇਅਦਬੀ ਕਿਧਰੇ ਨਾ ਕਿਧਰੇ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੀ ਹੈ।