ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਗਸਤ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਮੁਲਾਜ਼ਮਾਂ ਨੇ ਰੋਸ ਮਾਰਚ ਕਰਦਿਆਂ ਇੱਥੇ ਮੁੱਖ ਮੰਤਰੀ ਨਿਵਾਸ ਸਾਹਮਣੇ ਪੈਂਦੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਵੀ ਹਨ, ਦੇ ਘਰ ਵੱਲ ਰੋਸ ਮਾਰਚ ਕੀਤਾ ਪਰ ਪੁਲੀਸ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਕਰੀਬ ਇੱਕ ਕਿਲੋਮੀਟਰ ਪਿਛਾਂਹ ਪੋਲੋ ਗਰਾਊਂਡ ਕੋਲ ਹੀ ਰੋਕ ਲਿਆ। ਇਸ ਕਰਕੇ ਇਹ ਮੁਲਾਜ਼ਮ ਇੱਥੇ ਹੀ ਧਰਨਾ ਮਾਰ ਕੇ ਬੈਠ ਗਏ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਿੰਮਤ ਸਿੰਘ, ਹਰਜੀਤ ਉਪਲ, ਪਰਮਜੀਤ ਪਟਿਆਲਾ, ਜਸਵਿੰਦਰ ਸਮਾਣਾ, ਰਣਜੀਤ ਸਿੰਘ ਮਾਨ ਤੇ ਤਲਵਿੰਦਰ ਖਰੌੜ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਦੇ ਭਰਤੀ ਮੁਲਾਜ਼ਮਾਂ ਲਈ ਬੰਦ ਕੀਤੀ ਗਈ ਪੈਨਸ਼ਨ ਦੀ ਵਿਵਸਥਾ ਬਹਾਲ ਕੀਤੀ ਜਾਵੇ।
ਭੀਮ ਪਟਿਆਲਾ, ਸੰਜੇ ਪਟਿਆਲਾ, ਸ਼ਿਵਪ੍ਰੀਤ ਪਟਿਆਲਾ, ਹਰਵਿੰਦਰ ਰਾਜਗੜ੍ਹ ਤੇ ਸੰਦੀਪ ਰਾਜਪੁਰਾ ਨੇ ਦੱਸਿਆ ਕਿ 23 ਅਗਸਤ ਨੂੰ ਪੀਐੱਫ਼ਆਰਡੀ ਬਿੱਲ ਦੀਆਂ ਕਾਪੀਆਂ ਸਾੜਨ ਤੋਂ ਬਾਅਦ 29 ਅਗਸਤ ਨੂੰ ਲੁਧਿਆਣਾ ਵਿੱਚ ਵੰਗਾਰ ਰੈਲੀ ਕੀਤੀ ਜਾਵੇਗੀ। ਧਰਨੇ ਵਿੱਚ ਜਸਬੀਰ ਸੇਖੂਪੁਰ, ਗੁਰਪ੍ਰੀਤ ਸਿੰਘ ਵਜੀਦਪੁਰ, ਗੁਰਪ੍ਰੀਤ ਸਿੰਘ ਮਿਰਜਾਪੁਰ ਆਦਿ ਹਾਜ਼ਰ ਸਨ।