ਨਿੱਜੀ ਪੱਤਰ ਪ੍ਰੇਰਕ
ਸਮਾਣਾ,7 ਦਸੰਬਰ
ਪੰਜਾਬ ਸਰਕਾਰ ਵਲੋਂ ਏਡਿਡ ਕਾਲਜਾਂ ਵਿੱਚ ਕੰਮ ਕਰਦੇ ਨਾਨ-ਟੀਚਿੰਗ ਸਟਾਫ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਪਬਲਿਕ ਕਾਲਜ ਸਮਾਣਾ ਦੇ ਨਾਨ-ਟੀਚਿੰਗ ਸਟਾਫ ਵੱਲੋਂ ਕਾਲਜ ਦੇ ਮੇਨ ਗੇਟ ’ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨਾਕਾਰੀਆਂ ਨੇ ਕਿਹਾ ਕਿ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1-12-2011 ਤੋਂ ਸੋਧੇ ਹੋਏ ਗ੍ਰੇਡ-ਪੇਅ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ 01-08-2009 ਤੋਂ ਵਧੀ ਹੋਈ ਦਰ ਨਾਲ ਮੁਤਾਬਿਕ ਮਕਾਨ ਕਿਰਾਇਆ ਭੱਤਾ, ਮੈਡੀਕਲ ਭੱਤਾ 350 ਰੁਪਏ ਤੋਂ ਵਧਾ ਕੇ 500 ਰੁਪਏ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ, ਡੀਏ ਦੀ ਬਕਾਇਆ ਰਾਸ਼ੀ ਦਾ ਨੋਟੀਫਿਕੇਸ਼ਨ ਜਾਰੀ ਕਰਨ, ਏਡਿਡ ਕਾਲਜ ਦੀਆਂ ਨਾਨ-ਟੀਚਿੰਗ ਦੀਆਂ ਖਾਲੀ ਅਸਾਮੀਆਂ ਭਰਨ ’ਤੇ ਲੱਗੀ ਰੋਕ ਹਟਾਉਣਾ, ਏਡਿਡ ਕਾਲਜਾਂ ’ਚ ਠੇਕੇ ਦੇ ਆਧਾਰ ’ਤੇ ਤਿੰਨ ਸਾਲ ਪੂਰੇ ਕਰ ਚੁੱਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਸਰਕਾਰੀ ਮੁਲਾਜ਼ਮਾਂ ਦੀ ਤਰਜ ’ਤੇ ਏਡਿਡ ਕਾਲਜਾਂ ’ਚ ਨਵੇਂ ਛੇਵੇਂ ਪੇਅ-ਕਮਿਸ਼ਨ ਨੂੰ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰਨਾ ਆਦਿ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੰਜਾਬ ਸਰਕਾਰ ਵੱਲੋਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।