ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਕਤੂਬਰ
ਆਪਣੀਆਂ ਸੇਵਾਵਾ ਰੈਗੂਲਰ ਕਰਵਾਉਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਨਰਸਿੰਗ ਸਟਾਫ ਵਲੋਂ ਅੱਜ ਇੱਥੇ ਰਾਜਿੰਦਰਾ ਹਸਪਤਾਲ ਦੇ ਬਾਹਰ ਧਰਨਾ ਮਾਰਿਆ। ਜਿਸ ਦੌਰਾਨ ਅਣਦੇਖੀ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੇ ਸਰਕਾਰ ਨੂੰ ਖੂਬ ਭੰਡਿਆ। ਧਰਨਾ ਸਥਾਨ ਨੈਸ਼ਨਲ ਹਾਈਵੇਅ ’ਤੇ ਹੋਣ ਕਾਰਨ ਆਵਾਜਾਈ ’ਚ ਹੋਰ ਵੀ ਵਧੇਰੇ ਵਿਘਨ ਪਿਆ। ਜਿਸ ਕਾਰਨ ਪੁਲੀਸ ਨੂੰ ਆਵਜਾਈ ਲਈ ਬਦਲਵੇਂ ਰਾਹਾਂ ਦਾ ਪ੍ਰਬੰਧ ਕਰਨਾ ਪਿਆ। ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀ ਨਰਸਾਂ ਦੀ ਪੰਜਾਬ ਭਰ ’ਚ ਗਿਣਤੀ ਡੇਢ ਹਜ਼ਾਰ ਦੇ ਕਰੀਬ ਹੈ। ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਕਰੋਨਾ ਦੇ ਕਹਿਰ ਮੌਕੇ ਰੱਖਿਆ ਗਿਆ ਸੀ। ਪਰ ਹੁਣ ਕਰੋਨਾ ਦਾ ਪ੍ਰ੍ਰਕੋਪ ਘਟਣ ਕਾਰਨ ਸਰਕਾਰ ਵੱਲੋਂ ਆਰਜੀ ਤੌਰ ’ਤੇ ਰੱਖੇ ਗਏ ਇਨ੍ਹਾਂ ਸਿਹਤ ਮੁਲਾਜ਼ਮਾ ਨੂੰ ਵਿਹਲੇ ਕੀਤੇ ਜਾਣ ਦੀ ਚਰਚਾ ਜ਼ੋਰਾਂ ’ਤੇ ਹੈ। ਜਿਸ ਕਰਕੇ ਹੀ ਆਪਣਾ ਰੁਜ਼ਗਾਰ ਖੁੱਸਦਾ ਦੇਖ ਇਸ ਨਰਸਿੰਗ ਸਟਾਫ਼ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਹੀ ਇਨ੍ਹਾਂ ਸਿਹਤ ਮੁਲਾਜ਼ਮਾਂ ਵਲੋਂ ਮੈਡੀਕਲ ਸਿੱਖਿਆ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਪੁਤਲਾ ਵੀ ਫੂਕਿਆ।ਇਸ ਮੌਕੇ ਨਰਸਿੰਗ ਸਟਾਫ ਗਗਨਦੀਪ ਕੌਰ, ਅਮਨਜੋਤ ਕੌਰ, ਗੁਰਮੀਤ ਕੌਰ, ਜਸ਼ਨਪ੍ਰੀਤ ਕੌਰ ਅਤੇ ਜਸਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੀ ਭਰਾਤਰੀ ਧਿਰਾਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਦਵਿੰਦਰ ਸਿੰਘ ਪੂਨੀਆ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਦੇ ਪ੍ਰਧਾਨ ਗੁਰਨਾਮ ਸਿੰਘ ਢੈਂਠਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਸਿੰਘ ਕੋਰਜੀਵਾਲਾ, ਭਾਰਤੀ ਕਿਸਾਨ ਯੂਨੀਅਨ ਡਕੌਂਦ ਦੇ ਆਗੂ ਗੁਰਮੇਲ ਸਿੰਘ ਢਕੜੱਬਾ ਤੇ ਸੁਖਵਿੰਦਰ ਸਿੰਘ ਤਰੌੜਾ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲ੍ਹਾ ਕਨਵੀਨਰ ਹਰਜਿੰਦਰ ਚੀਮਾ ਢੈਂਠਲ ਆਦਿ ਵੀ ਮੌਜੂਦ ਸਨ।